Friday, October 23, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਯੂ.ਐੱਸ.ਏ. ਵਸਦੇ ਲੇਖਕ ਸੁਖਦਰਸ਼ਨ ਧਾਲੀਵਾਲ ਜੀ ਨੇ ਆਪਣੀਆਂ ਦੋ ਖ਼ੂਬਸੂਰਤ ਕਿਤਾਬਾਂ, ਕਾਵਿ-ਸੰਗ੍ਰਹਿ ‘ਸੱਚ ਦੇ ਸਨਮੁਖ’ ਅਤੇ ਅੰਗਰੇਜ਼ੀ ‘ਚ ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ ‘Ghazals At Twilight’ ਆਰਸੀ ਲਈ ਭੇਜੀਆਂ ਹਨ। ਧਾਲੀਵਾਲ ਸਾਹਿਬ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’






Thursday, October 15, 2009

ਆਰਸੀ ਲਈ ਲਿਖਤਾਂ ਭੇਜਣ ਸਬੰਧੀ - ਜ਼ਰੂਰੀ ਸੂਚਨਾ

ਦੋਸਤੋ! ਆਰਸੀ ਲਈ ਲਿਖਤਾਂ ਭੇਜਦੇ ਸਮੇਂ ਉਹਨਾਂ ਨੂੰ ਸਿਰਫ਼ Word Format ‘ਚ ਹੀ ਭੇਜਿਆ ਕਰੋ। PDF ਅਤੇ Power Point ‘ਚ ਮੀਨਾਕਾਰੀ, ਚਿਤ੍ਰਕਾਰੀ ਨਾਲ਼ ਸ਼ਿੰਗਾਰੀਆਂ ਫਾਈਲਾਂ ਤੇ ਮੈਨੂੰ ਫੁੱਲ, ਪੱਤੀਆਂ, Stars, Bullets, Landscapes ਆਦਿ ਨੂੰ ਡਿਲੀਟ ਕਰਦਿਆਂ ਬਹੁਤ ਵਕਤ ਲੱਗ ਜਾਂਦਾ ਹੈ। ਕਿਰਪਾ ਕਰਕੇ ਲਿਖਤਾਂ ਸਾਦੀਆਂ ਹੀ ਭੇਜਿਆ ਕਰੋ ਤਾਂ ਜੋ ਕੀਮਤੀ ਵਕਤ ਬਚਾ ਕੇ ਆਰਸੀ ਦੇ ਬਾਕੀ ਕੰਮ ਕੀਤੇ ਜਾ ਸਕਣ। ਮੁਆਫ਼ੀ ਚਾਹੁੰਦੀ ਹਾਂ ਪਰ, ਹੁਣ ਤੋਂ ਬਾਅਦ ਅਜਿਹੀਆਂ ਫਾਈਲਾਂ ਸੋਧ ਕੇ ਪੋਸਟ ਨਹੀਂ ਕੀਤੀਆਂ ਜਾ ਸਕਣਗੀਆਂ। ਤੁਹਾਡੇ ਹੁਣ ਤੱਕ ਦਿੱਤੇ ਹਰ ਸਾਹਿਤਕ ਸਹਿਯੋਗ ਲਈ ਮੈਂ ਤੁਹਾਡੀ ਮਸ਼ਕੂਰ ਹਾਂ।
ਅਦਬ ਸਹਿਤ,
ਤਨਦੀਪ ‘ਤਮੰਨਾ’

Wednesday, October 14, 2009

ਡਾ: ਜਤਿੰਦਰਪਾਲ ਸਿੰਘ ਜੌਲੀ ਨਹੀਂ ਰਹੇ – ਸ਼ੋਕ ਸਮਾਚਾਰ

ਸਾਹਿਤਕ ਹਲਕਿਆਂ ‘ਚ ਇਹ ਖ਼ਬਰ ਬੜੇ ਦੁੱਖ ਨਾਲ਼ ਸੁਣੀ ਜਾਵੇਗੀ ਕਿ ਉੱਘੇ ਪੰਜਾਬੀ ਲੇਖਕ, ਸਿੱਖ ਚਿੰਤਕ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਰੀਡਰ ਡਾ: ਜਤਿੰਦਰਪਾਲ ਸਿੰਘ ਜੌਲੀ ਅੱਜ 14 ਅਕਤੂਬਰ ਨੂੰ ਸਦੀਵੀ ਵਿਛੋੜਾ ਦੇ ਗਏ। ਉਹ ਲਗਭਗ 49 ਵਰ੍ਹਿਆਂ ਦੇ ਸਨ ਅਤੇ ਬੀਤੀ 7 ਅਕਤੂਬਰ ਨੂੰ ਸਥਾਨਕ ਅਜੀਤ ਨਗਰ ਵਿਖੇ ਹੋਏ ਇਕ ਸੜਕ ਹਾਦਸੇ ਦੌਰਾਨ ਸਿਰ ਵਿਚ ਗੰਭੀਰ ਸੱਟ ਲੱਗਣ ਕਾਰਨ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ-ਇਲਾਜ ਸਨ। ਇਕ ਹਫ਼ਤਾ ਉਹ ਜ਼ਿੰਦਗੀ ਤੇ ਮੌਤ ਨਾਲ ਜੂਝਦੇ ਰਹੇ ਪਰ ਅਖੀਰ ਮੌਤ ਹੱਥੋਂ ਹਾਰ ਗਏ। ਨਿਮਰ ਸੁਭਾਅ ਦੇ ਮਾਲਕ ਅਤੇ ਗੁਰਮਤਿ ਅਨੁਸਾਰ ਸਾਦਗੀ ਵਾਲਾ ਜੀਵਨ ਬਤੀਤ ਕਰਨ ਵਾਲੀ ਸ਼ਖ਼ਸੀਅਤ ਕਰਕੇ ਜਾਣੇ ਜਾਂਦੇ ਡਾ: ਜੌਲੀ ਆਪਣੇ ਪਿੱਛੇ ਪਤਨੀ ਡਾ: ਜਗਜੀਤ ਕੌਰ ਜੌਲੀ ਅਤੇ ਤਿੰਨ ਬੱਚੇ ਬੇਟੀ ਸਾਰੰਗ ਕੌਰ ਤੇ ਦੋ ਬੇਟੇ ਅੰਗਦ ਸਿੰਘ ਤੇ ਜਸਜੀਤ ਸਿੰਘ ਛੱਡ ਗਏ ਹਨ। ਡਾ: ਜੌਲੀ ਜੋ ਕਾਫੀ ਅਰਸਾ ਨਹਿਰੂ ਯੁਵਕ ਕੇਂਦਰ ਨਾਲ ਵੀ ਜੁੜੇ ਰਹੇ, ਪੰਜਾਬੀ ਦੇ ਨਾਮਵਰ ਅਦੀਬ ਸਨ ਤੇ ਉਹ ਹਿੰਦ-ਪਾਕਿ ਪੰਜਾਬੀ ਅਦਬੀ ਸਰਗਰਮੀਆਂ ਵਿਚ ਮੋਹਰੀ ਭੂਮਿਕਾ ਨਿਭਾਅ ਰਹੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਚਾਟੀਵਿੰਡ ਚੌਕ ਨੇੜੇ ਸਥਿਤ ਸਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਮ੍ਰਿਤਕਦੇਹ ’ਤੇ ਸਿਰੋਪਾਉ ਅਤੇ ਦੁਸ਼ਾਲੇ ਭੇਟ ਕੀਤੇ ਗਏ। ਇਸ ਮੌਕੇ ਵੱਖ-ਵੱਖ ਧਾਰਮਿਕ, ਅਦਬੀ ਅਤੇ ਸਿੱਖਿਆ ਸੰਸਥਾਵਾਂ ਨਾਲ ਸੰਬੰਧਤ ਅਨੇਕਾਂ ਸ਼ਖ਼ਸੀਅਤਾਂ ਅਤੇ ਜੌਲੀ ਪਰਿਵਾਰ ਦੇ ਸਨੇਹੀ ਅਤੇ ਰਿਸ਼ਤੇਦਾਰ ਹਾਜ਼ਰ ਸਨ। ਉਨ੍ਹਾਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਸਪੁੱਤਰ ਅੰਗਦ ਸਿੰਘ ਅਤੇ ਭਰਾ ਪ੍ਰੋ: ਭੁਪਿੰਦਰ ਸਿੰਘ ਖ਼ਾਲਸਾ ਕਾਲਜ ਵੱਲੋਂ ਦਿਖਾਈ ਗਈ। ਅੰਤਿਮ ਅਰਦਾਸ 18 ਨੂੰ ਡਾ: ਜੌਲੀ ਦੇ ਭਰਾ ਪ੍ਰੋ: ਭੁਪਿੰਦਰ ਸਿੰਘ ਖਾਲਸਾ ਕਾਲਜ ਨੇ ਦੱਸਿਆ ਕਿ ਡਾ: ਜੌਲੀ ਨਮਿੱਤ ਅੰਤਿਮ ਅਰਦਾਸ 18 ਅਕਤੂਬਰ ਨੂੰ ਦੁਪਿਹਰ 1 ਤੋਂ 2 ਵਜੇ ਦੌਰਾਨ ਭਾਈ ਗੁਰਦਾਸ ਹਾਲ ਅੰਮ੍ਰਿਤਸਰ ਵਿਖੇ ਹੋਵੇਗੀ। ਜੌਲੀ ਸਾਹਿਬ ਨੂੰ Inter-religious and International Federation for World Peace (IIFWP) ਵੱਲੋਂ 2004 ਵਿੱਚ Ambassador for Peace ਐਵਾਰਡ ਨਾਲ਼ ਸਨਮਾਨਿਆ ਗਿਆ ਸੀ।

ਡੈਡੀ ਜੀ ਗੁਰਦਰਸ਼ਨ ਬਾਦਲ ਜੀ ਨੇ ਡਾ: ਜੌਲੀ ਸਾਹਿਬ ਦੇ ਅਕਾਲ ਚਲਾਣੇ ਦੀ ਖ਼ਬਰ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਹਨਾਂ ਦੇ ਇਸ ਸ਼ਿਅਰ ਨਾਲ਼ ਆਰਸੀ ਪਰਿਵਾਰ ਵੱਲੋਂ ਜੌਲੀ ਸਾਹਿਬ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕਰ ਰਹੇ ਹਾਂ:

‘ਸਤਰੰਗੀ ਇਹ ਪੀਂਘ ਤਦੇ ਹੁਣ ਘਰ ਨਾ ਜਾਵੇ,

ਜੌਲੀ! ਤੇਰੇ ਸਦਮੇ ਵਿੱਚ ਅਚੱਲ ਹੋ ਗਈ”

ਦੁੱਖ ਵਿੱਚ ਸ਼ਰੀਕ

ਆਰਸੀ ਪਰਿਵਾਰ


Monday, October 12, 2009

ਸੋਹਣ ਸਿੰਘ ਪੂੰਨੀ ਦੀ ਕਿਤਾਬ ‘ਕਨੇਡਾ ਦੇ ਗਦਰੀ ਯੋਧੇ’ ਅੱਜ ਸਰੀ ‘ਚ ਰਿਲੀਜ਼ ਕੀਤੀ ਗਈ

ਦੋਸਤੋ! ਅੱਜ ਸਰੀ ਵਿਖੇ ਤਾਜ ਬੈਂਕੁਇਟ ਹਾਲ ਵਿਚ ਇੱਕ ਸ਼ਾਨਦਾਰ ਸਮਾਗਮ ‘ਚ ਸਰੀ ਨਿਵਾਸੀ ਲੇਖਕ ਸੋਹਣ ਸਿੰਘ ਪੂੰਨੀ ਜੀ ਦੀ ਬੇਹੱਦ ਖ਼ੂਬਸੂਰਤ ਕਿਤਾਬ ‘ਕਨੇਡਾ ਦੇ ਗਦਰੀ ਯੋਧੇ’ ਰਿਲੀਜ਼ ਕੀਤੀ ਗਈ। ਇਹ ਕਿਤਾਬ ਪੂੰਨੀ ਸਾਹਿਬ ਨੇ 9-10 ਸਾਲਾਂ ਦੀ ਭਰਪੂਰ ਖੋਜ ਤੋਂ ਬਾਅਦ ਲਿਖੀ ਹੈ। ਇਹ ਪਹਿਲੀ ਕਿਤਾਬ ਹੈ ਜਿਸ ਵਿਚ ਉਹਨਾਂ ਨੇ ਕੈਨੇਡਾ ਦੇ 41 ਪ੍ਰਮੁੱਖ ਗਦਰੀ ਯੋਧਿਆਂ ਦੀਆਂ ਜੀਵਨੀਆਂ ਅਤੇ ਮਹੱਤਵਪੂਰਨ ਅਤੇ ਦੁਰਲੱਭ ਫੋਟੋਆਂ ਸ਼ਾਮਲ ਕੀਤੀਆਂ ਹਨ। ਏਥੇ ਮੈਂ ਇਹ ਅਰਜ਼ ਜ਼ਰੂਰ ਕਰਾਂਗੀ ਕਿ ਇਹ ਕਿਤਾਬ ਹਰ ਘਰ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਨੀ ਚਾਹੀਦੀ ਹੈ। ਜੇਕਰ ਤੁਸੀਂ ਕੈਨੇਡਾ ‘ਚ ਹੋਂ ਤਾਂ ਪੂੰਨੀ ਸਾਹਿਬ ਨੂੰ 604-761-2195 ਤੇ ਫੋਨ ਕਰਕੇ ਜਾਂ ਇੰਡੀਆ ਤੋਂ ਸਿੰਘ ਬ੍ਰਦਰਜ਼, ਪ੍ਰਕਾਸ਼ਕ (ਅੰਮ੍ਰਿਤਸਰ) ਤੋਂ ਇਹ ਕਿਤਾਬ ਖਰੀਦ ਸਕਦੇ ਹੋ।

ਏਨੇ ਵਰ੍ਹਿਆਂ ਦੀ ਖੋਜ ਤੋਂ ਬਾਅਦ ਸਖ਼ਤ ਮਿਹਨਤ ਨਾਲ਼ ਲਿਖੀ ਕਿਤਾਬ ਲਈ ਆਰਸੀ ਪਰਿਵਾਰ ਵੱਲੋਂ ਲੇਖਕ ਸੋਹਣ ਸਿੰਘ ਪੂੰਨੀ ਸਾਹਿਬ ਨੂੰ ਢੇਰ ਸਾਰੀਆਂ ਮੁਬਾਰਕਾਂ!

ਅਦਬ ਸਹਿਤ

ਤਨਦੀਪ ‘ਤਮੰਨਾ’




Saturday, October 10, 2009

ਆਰਸੀ ਲਈ ਗ਼ਜ਼ਲਾਂ ਭੇਜਣ ਬਾਰੇ - ਜ਼ਰੂਰੀ ਬੇਨਤੀ

ਦੋਸਤੋ! ਰੋਜ਼ਾਨਾ ਆਰਸੀ ਲਈ ਕੋਈ 10 ਕੁ ਗ਼ਜ਼ਲਾਂ ਅਜਿਹੀਆਂ ਪਹੁੰਚਦੀਆਂ ਹਨ, ਜਿਨ੍ਹਾਂ ਦਾ ਵਜ਼ਨ, ਮੀਟਰ, ਬਹਿਰ ਆਦਿ ਕੁਝ ਵੀ ਦਰੁਸਤ ਨਹੀਂ ਹੁੰਦਾ। ਇਸ ਬਲੌਗ ਤੇ ਉਹੀ ਗ਼ਜ਼ਲ ਪੋਸਟ ਕੀਤੀ ਜਾਂਦੀ ਹੈ ਜੋ ਇਸ ਸਿਨਫ਼ ਦੇ ਵਿਧੀ-ਵਿਧਾਨ ਤੇ ਖ਼ਰੀ ਉੱਤਰਦੀ ਹੈ। ਇਸ ਨਾਲ਼ ਮੇਰਾ ਅਤੇ ਬਾਦਲ ਸਾਹਿਬ ਦਾ ਵਕ਼ਤ ਜ਼ਾਇਆ ਹੁੰਦਾ ਹੈ। ਤੁਹਾਡਾ ਵੀ ਤਾਂ ਹੁੰਦਾ ਹੈ ਕਿਉਂਕਿ ਤੁਸੀਂ ਟਾਈਪ ਕਰਕੇ ਘੱਲਦੇ ਓ। ਉਸਤਾਦ ਤਾਂ ਆਪਾਂ ਸਾਰੇ ਹੀ ਹੁੰਦੇ ਹਾਂ, ਪਰ ਗੁਜ਼ਾਰਿਸ਼ ਹੈ ਕਿ ਗ਼ਜ਼ਲ ਭੇਜਣ ਤੋਂ ਪਹਿਲਾਂ ਉਸਨੂੰ ਕਿਸੇ ਜਾਣਕਾਰ ਗ਼ਜ਼ਲਗੋ ਨੂੰ ਦਿਖਾ ਲਿਆ ਜਾਵੇ।

----

ਹਰ ਸ਼ਹਿਰ ਵਿਚ ਗ਼ਜ਼ਲ ਦੇ ਮਾਹਿਰ ਗ਼ਜ਼ਲਗੋ ਬੈਠੇ ਨੇ। ਦੁੱਖ ਇਸ ਗੱਲ ਦਾ ਜ਼ਿਆਦਾ ਹੁੰਦਾ ਹੈ ਕਿ ਬਹੁਤੀ ਵਾਰ ਤਾਂ ਜਿਨ੍ਹਾਂ ਦੀਆਂ ਗ਼ਜ਼ਲਾਂ ਬੇ-ਬਹਿਰੀਆਂ ਗ਼ਜ਼ਲਾਂ ਪਹੁੰਚਦੀਆਂ ਨੇ, ਮੁਆਫ਼ੀ ਚਾਹੁੰਦੀ ਹਾਂ ਕਿ ਉਹਨਾਂ ਦੀਆਂ ਦੋ-ਤਿੰਨ ਕਿਤਾਬਾਂ ਗ਼ਜ਼ਲਾਂ ਦੀਆਂ ਛਪ ਚੁੱਕੀਆਂ ਹੁੰਦੀਆਂ ਹਨ। ਹਰ ਕੋਈ ਸਿੱਖ ਕੇ ਪ੍ਰਵੀਨ ਹੁੰਦਾ ਹੈ, ਸੋ ਇੱਕ-ਦੂਜੇ ਦੀਆਂ ਤਾਰੀਫ਼ਾਂ ਦੇ ਪੁਲ਼ ਬੰਨ੍ਹ ਕੇ ਗ਼ਜ਼ਲਾਂ ਭੇਜਣ ਨਾਲ਼ੋਂ ਚੰਗਾ ਹੈ ਕਿ ਕਿਸੇ ਪਰਪੱਕ ਗ਼ਜ਼ਲਗੋ ਤੋਂ ਇਸਲਾਹ ਲਈਏ। ਬੇ-ਬਹਿਰੀਆਂ ਗ਼ਜ਼ਲਾਂ ਨੂੰ ਵੇਖ ਕੇ ਮੈਂ ਖ਼ੁਦ ਇਸ ਸਿਨਫ਼ ਦੇ ਟੈਕਨੀਕਲ ਪੱਖ ਨੂੰ ਸਮਝਣ ਲਈ ਹੁਣ ਬਾਦਲ ਸਾਹਿਬ ਤੋਂ ਗ਼ਜ਼ਲ ਬਾਰੇ ਸਿੱਖਣਾ ਸ਼ੁਰੂ ਕੀਤਾ ਹੈ, ਕਿਉਂਕਿ ਉਹਨਾਂ ਦੀ ਸਿਹਤ ਏਨੀ ਇਜਾਜ਼ਤ ਨਹੀਂ ਦਿੰਦੀ ਕਿ ਹਰ ਆਈ ਗ਼ਜ਼ਲ ਨੂੰ ਜਾਂਚਣ। ਆਰਸੀ ਤੇ ਪੋਸਟ ਕਰਨ ਵਾਲ਼ੀ ਹਰ ਗ਼ਜ਼ਲ ‘ਚ ਬਹਿਰ-ਵਜ਼ਨ ਹੀ ਨਹੀਂ ਦੇਖਿਆ ਜਾਂਦਾ, ਖ਼ਿਆਲਾਂ ਦੀ ਪੁਖ਼ਤਗੀ ਤੇ ਉਹਨਾਂ ਦਾ ਨਿਭਾਅ ਵੀ ਵੇਖਿਆ ਜਾਂਦਾ ਹੈ।

----

ਹੁਣ ਤੋਂ ਬਾਅਦ, ਜੇ ਕੋਈ ਗ਼ਜ਼ਲ ਆਰਸੀ ਤੇ ਪੋਸਟ ਨਹੀਂ ਕੀਤੀ ਜਾਂਦੀ ਤਾਂ, ਉਸਦਾ ਲਿਖਤੀ ਉੱਤਰ ਨਹੀਂ ਦਿੱਤਾ ਜਾਵੇਗਾ। ਇਸ ਕਰਕੇ ਬਕੌਲ ਉਸਤਾਦ ਗ਼ਜ਼ਲਗੋ ਜਨਾਬ ਦੀਪਕ ਜੈਤੋਈ ਜੀ ਕੋਈ ਅਜਿਹੀ ਗ਼ਜ਼ਲ ਵਿਚਾਰੀ ਜਾਂ ਸੋਧੀ ਨਹੀਂ ਜਾਵੇਗੀ ਜਿਸਦਾ ਇਸ ਸ਼ਿਅਰ ਵਾਂਗ ਗ਼ਜ਼ਲ ਨਾਲ਼ ਦੂਰ-ਦੂਰ ਦਾ ਨਾਤਾ ਵੀ ਨਾ ਹੋਵੇ...

“ਉਹ ਸੋਹਣਾ ਵੀ ਹੁਣ ਵਿਹਲਾ ਏ ਮੈਨੂੰ ਵੀ ਕੋਈ ਕੰਮ ਨਹੀਂ

ਮੈਂ ਇਸ਼ਕ ਦਾ ਰੋਗ ਲਗਾਣਾ ਏਂ ਭਾਈਏ ਨੂੰ ਪਹਿਲਾਂ ਪੁੱਛ ਲਵਾਂ।”

ਅਦਬ ਸਹਿਤ

ਤਨਦੀਪ ‘ਤਮੰਨਾ’

Thursday, October 8, 2009

ਜਨਾਬ ਇੰਦਰਜੀਤ ਹਸਨਪੁਰੀ ਸਾਹਿਬ ਨਹੀਂ ਰਹੇ....ਸ਼ੋਕ ਸਮਾਚਾਰ

ਦੋਸਤੋ! ਸਾਹਿਤਕ ਹਲਕਿਆਂ ਇਹ ਖ਼ਬਰ ਬੜੇ ਦੁੱਖ ਨਾਲ਼ ਸੁਣੀ ਜਾਵੇਗੀ ਕਿ ਉੱਘੇ ਗੀਤਕਾਰ ਅਤੇ ਫਿਲਮਸਾਜ਼ ਜਨਾਬ ਇੰਦਰਜੀਤ ਹਸਨਪੁਰੀ ਜੀ ਨਹੀਂ ਰਹੇ। ਉਹ ਪਿਛਲੇ ਕੁਝ ਦਿਨਾਂ ਤੋਂ ਗੁਰਦਿਆਂ ਦੀ ਬੀਮਾਰੀ ਕਾਰਣ ਦਯਾ ਨੰਦ ਹਸਪਤਾਲ 'ਚ ਦਾਖਲ ਸਨ। ਹਸਨਪੁਰੀ ਸਾਹਿਬ 78 ਸਾਲਾਂ ਦੇ ਸਨ। ਉਹਨਾਂ ਦਾ ਪਹਿਲਾ ਗੀਤ 1959 'ਚ ਰਿਕਾਰਡ ਹੋਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਉਹਨਾਂ ਦਾ ਅੰਤਿਮ ਸੰਸਕਾਰ 9 ਅਕਤੂਬਰ, ਦਿਨ ਸ਼ੁੱਕਰਵਾਰ ਨੂੰ ਲੁਧਿਆਣਾ ਵਿਖੇ ਕੀਤਾ ਜਾਵੇਗਾ। ਆਰਸੀ ਪਰਿਵਾਰ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕਰ ਰਹੇ ਹਾਂ। ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।
ਦੁੱਖ 'ਚ ਸ਼ਰੀਕ
ਆਰਸੀ ਪਰਿਵਾਰ

Wednesday, October 7, 2009

ਸੋਹਣ ਸਿੰਘ ਪੂੰਨੀ ਦੀ ਕਿਤਾਬ ‘ਕਨੇਡਾ ਦੇ ਗਦਰੀ ਯੋਧੇ’ 12 ਅਕਤੂਬਰ, 2009 ਨੂੰ ਰਿਲੀਜ਼ ਕੀਤੀ ਜਾਵੇਗੀ

ਇਹ ਸੂਚਨਾ ਸਾਧੂ ਬਿਨਿੰਗ ਜੀ ਦੁਆਰਾ ਭੇਜੀ ਗਈ ਹੈ।

ਪੁਸਤਕ ਰਿਲੀਜ਼ ਸਮਾਗਮ ਸੋਹਣ ਸਿੰਘ ਪੂੰਨੀ ਹੋਰਾਂ ਵਲੋਂ ਲਿਖੀ ਮਹੱਤਵਪੂਰਨ ਕਿਤਾਬ ‘ਕਨੇਡਾ ਦੇ ਗਦਰੀ ਯੋਧੇ’ ਦਾ ਰਿਲੀਜ਼ ਸਮਾਗਮ 12 ਅਕਤੂਬਰ, 2009 ਨੂੰ ਸੋਮਵਾਰ ਵਾਲੇ ਦਿਨ (ਥੈਂਕਸ ਗਿਵਿੰਗਡੇਅ) ਸਰੀ ਦੇ ‘ਗਰੈਂਡ ਤਾਜ ਬੈਨਕੁਇਟ ਹਾਲ’ ਵਿੱਚ ਦੁਪਹਿਰ ਦੇ ਬਾਰਾਂ ਵਜੇ ਕੀਤਾ ਜਾਵੇਗਾ। ਇਹ ਹਾਲ ਸਰੀ ਵਿੱਚ 8388 - 128 ਸਟਰੀਟ ’ਤੇ ਸਥਿਤ ਹੈ।ਸੋਹਣ ਸਿੰਘ ਪੂੰਨੀ ਨੇ ਇਹ ਪੁਸਤਕ ਆਪਣੀ ਨੌਂ ਸਾਲ ਦੀ ਸਖ਼ਤ ਮਿਹਨਤ ਨਾਲ਼ ਤਿਆਰ ਕੀਤੀ ਹੈ। ਲੇਖਕ ਨੇ ਇਸ ਪੁਸਤਕ ਵਿੱਚ ਕਨੇਡਾ ਦੇ ਇਕਤਾਲੀ ਪ੍ਰਮੁੱਖ ਗਦਰੀ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਪ੍ਰਾਥਮਿਕ ਸ੍ਰੋਤਾਂ ਦੇ ਅਧਾਰ ’ਤੇ ਬਹੁਤ ਮਿਹਨਤ ਤੇ ਲਗਨ ਨਾਲ਼ ਚਿਤਰਿਆ ਹੈ। ਇਨ੍ਹਾਂ ਗਦਰੀ ਯੋਧਿਆਂ ਨੇ ਕਨੇਡਾ ਰਹਿੰਦੇ ਹਿੰਦੁਸਤਾਨੀਆਂ ਦੇ ਹੱਕਾਂ ਲਈ ਅਤੇ ਹਿੰਦੁਸਤਾਨ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਨਿਛਾਵਰ ਕਰ ਦਿੱਤਾ ਸੀ।

-----

ਪੂੰਨੀ ਨੇ ਇਹ ਜੀਵਨੀਆਂ ਇਸ ਤਰ੍ਹਾਂ ਲਿਖੀਆਂ ਹਨ ਕਿ ਸਾਨੂੰ ਇਨ੍ਹਾਂ ਗਦਰੀ ਯੋਧਿਆਂ ਦੇ ਸਿਰਫ਼ ਜੀਵਨ ਵੇਰਵੇ ਹੀ ਨਹੀਂ ਸਗੋਂ ਗਦਰ ਲਹਿਰ, ਅਕਾਲੀ ਲਹਿਰ, ਬੱਬਰ ਅਕਾਲੀ ਲਹਿਰ ਤੇ ਕਿਰਤੀ ਲਹਿਰ ਦਾ ਸਮੁੱਚਾ ਇਤਿਹਾਸ ਵੀ ਪੜ੍ਹਨ ਨੂੰ ਮਿਲਦਾ ਹੈ। ਪੁਸਤਕ ਵਿਚ ਲੇਖਕ ਨੇ ਬਹੁਤ ਸਾਰੇ ਐਸੇ ਗਦਰੀਆਂ ਬਾਰੇ ਲਿਖਿਆ ਹੈ ਜਿਨ੍ਹਾਂ ਬਾਰੇ ਜਾਣਕਾਰੀ ਤਾਂ ਕੀ ਆਮ ਲੋਕਾਂ ਨੇ ਉਨ੍ਹਾਂ ਦੇ ਨਾਂ ਤੱਕ ਨਹੀਂ ਸੀ ਸੁਣੇ। ਕਿਤਾਬ ਵਿੱਚ ਵੀਹ ਤੋਂ ਵੱਧ ਐਸੀਆਂ ਦੁਰਲੱਭ ਤਸਵੀਰਾਂ ਹਨ ਜਿਨ੍ਹਾਂ ਨੂੰ ਪਾਠਕ ਪਹਿਲੀ ਵਾਰ ਵੇਖਣਗੇ।ਲੇਖਕ ਨੇ ਇਨ੍ਹਾਂ ਗਦਰੀਆਂ ਸੰਬੰਧੀ ਖੋਜ ਕਰਦਿਆਂ ਕਈ ਸ੍ਰੋਤ ਵਰਤੇ ਹਨ, ਜਿਵੇਂ ਆਰਕਾਈਵਜ਼ ਤੇ ਲਾਇਬ੍ਰੇਰੀਆਂ ਵਿੱਚ ਪਏ ਗਦਰ ਲਹਿਰ ਤੇ ਗਦਰੀਆਂ ਨਾਲ ਸੰਬੰਧਤ ਮੁੱਢਲੇ ਦਸਤਾਵੇਜ਼, ਉਸ ਸਮੇਂ ਦੀਆਂ ਪੁਰਾਣੀਆਂ ਅਖਬਾਰਾਂ ਤੇ ਰਿਸਾਲੇ, ਮੁਕੱਦਮਿਆਂ ਦੀਆਂ ਨਕਲਾਂ, ਸੀ ਆਈ ਡੀ ਦੀਆਂ ਰਿਪੋਰਟਾਂ, ਗਦਰੀਆਂ ਦੇ ਆਪਣੇ ਬਿਆਨ, ਗਦਰ ਲਹਿਰ ਬਾਰੇ ਛਪੀਆਂ ਪੁਸਤਕਾਂ ਤੇਗਦਰੀਆਂ ਨਾਲ ਸੰਬੰਧਤ ਸੈਂਕੜੇ ਵਿਅਕਤੀਆਂ ਨਾਲ਼ ਕੀਤੀਆਂ ਮੁਲਾਕਾਤਾਂ।

-----

ਪੂੰਨੀ ਨੇ ਭਾਰਤ ਅਤੇ ਕਨੇਡਾ ਦੀਆਂ ਯੂਨੀਵਰਸਿਟੀਆਂ ਵਿਚ ਇਤਿਹਾਸ ਨੂੰ ਪੜ੍ਹਨ ਅਤੇ ਘੋਖਣ ਦੀ ਸਿੱਖੀ ਵਿਧੀ ਦੀ ਯੋਗ ਵਰਤੋਂ ਨਾਲ ਹਾਸਿਲ ਕੀਤੀ ਜਾਣਕਾਰੀ ਦੀ ਛਾਣ-ਬੀਣ ਕਰਕੇ ਉਸ ਨੂੰ ਸਾਡੇ ਸਾਹਮਣੇ ਸਾਫ਼ ਕਰਕੇ ਰੱਖਿਆ ਹੈ।ਇਹ ਜੀਵਨੀਆਂ ਸਾਨੂੰ ਗਦਰੀਆਂ ਦੇ ਸੁਪਨਿਆਂ ਬਾਰੇ, ਉਨ੍ਹਾਂ ਵੱਲੋਂ ਝੱਲੇ ਤਸੀਹਿਆਂ ਬਾਰੇ, ਉਨ੍ਹਾਂ ਦੇ ਪਰਿਵਾਰਾਂ ਵੱਲੋਂ ਝੱਲੇਕਸ਼ਟਾਂ ਬਾਰੇ ਤੇ ਦੇਸ਼-ਧ੍ਰੋਹੀਆਂ ਵਲੋਂ ਕੀਤੀ ਗੱਦਾਰੀ ਬਾਰੇ ਦੱਸਦੀਆਂ ਹਨ। ਲੇਖਕ ਦਾ ਕਮਾਲ ਇਸ ਗੱਲ ਵਿਚ ਹੈ ਕਿ ਕਿਤਾਬ ਵਿਚ ਸ਼ਾਮਲ ਗਦਰੀਆਂ ਬਾਰੇ ਬਹੁਤ ਸਾਰੇ ਵੇਰਵੇ ਪੜ੍ਹਨ ਬਾਅਦ ਉਨ੍ਹਾਂ ਬਾਰੇ ਸਗੋਂ ਹੋਰ ਜਾਨਣ ਦੀ ਖ਼ਾਹਿਸ਼ ਪੈਦਾ ਹੁੰਦੀ ਹੈ ਅਤੇ ਦਿਲ ਕਰਦਾ ਹੈ ਕਿ ਇਕੱਲੇ ਇਕੱਲੇ ਬਾਰੇ ਕਿਤਾਬ ਲਿਖੀ ਜਾਣੀ ਚਾਹੀਦੀ ਸੀ।ਕਿਤਾਬ ਬਹੁਤ ਹੀ ਪੜ੍ਹਨ ਯੋਗ ਹੈ। ਕਿਤਾਬ ਦਾ ਹਰ ਵਾਕ ਲੇਖਕ ਵੱਲੋਂ ਕੀਤੀ ਮਿਹਨਤ ਤੇ ਲਗਨ ਨੂੰ ਦਰਸਾਉਂਦਾ ਹੈ।ਤਸਵੀਰਾਂ ਸਮੇਤ ਸਵਾ ਪੰਜ ਸੌ ਸਫਿਆਂ ਦੀ ਸੁੰਦਰ ਦਿੱਖ ਵਾਲੀ ਇਹ ਕਿਤਾਬ ਪੰਜਾਬ ਦੇ ਸਤਿਕਾਰਤ ਪ੍ਰਕਾਸ਼ਕ ‘ਸਿੰਘ ਬ੍ਰਦਰਜ਼,ਅੰਮ੍ਰਿਤਸਰ’ ਵਾਲਿਆਂ ਨੇ ਬੜੀ ਮਿਹਨਤ ਤੇ ਲਗਨ ਨਾਲ ਛਾਪੀ ਹੈ।ਇਸ ਪੁਸਤਕ ਨੂੰ ਰਿਲੀਜ਼ ਕਰਨ ਦੀ ਰਸਮ, ਸਾਈਮਨ ਫਰੇਜ਼ਰ ਯੂਨੀਵਰਸਿਟੀ ਤੋਂ ਰਿਟਾਇਰਡ ਪ੍ਰੋਫੈਸਰ, ਡਾਕਟਰ ਹਿਊ ਜੌਹਨਸਟਨ ਕਰਨਗੇ। ਇਸ ਕਿਤਾਬ ਦੇ ਰਿਲੀਜ਼ ਸਮਾਗਮ ਸਮੇਂ ਗਦਰੀਆਂ ਦੇ ਪਰਿਵਾਰਾਂ ਨੂੰ ਸਨਮਾਨਤ ਕੀਤਾ ਜਾਵੇਗਾ। ਭਾਈਚਾਰੇ ਦੀਆਂ ਉੱਘੀਆਂ ਹਸਤੀਆਂ ਅਤੇ ਬੁੱਧੀਜੀਵੀਆਂ ਵੱਲੋਂ ਕਿਤਾਬ ਬਾਰੇ ਚਰਚਾ ਕੀਤੀ ਜਾਵੇਗੀ। ਇਸ ਸਮਾਗਮ ਵਿਚ ਸ਼ਾਮਲ ਹੋਣ ਦਾ ਸਭ ਨੂੰ ਨਿੱਘਾ ਸੱਦਾ ਦਿੱਤਾ ਜਾਂਦਾ ਹੈ। ਪੁਸਤਕ ਰਿਲੀਜ਼ ਕਮੇਟੀ ਚਾਹ ਪਾਣੀ ਦਾ ਇੰਤਜ਼ਾਮ ਹੋਵੇਗਾ! ਹਾਲ ਦਾ ਫ਼ੋਨ ਨੰਬਰ: 604-599-4342 ਜਾਣਕਾਰੀ ਵਾਸਤੇ ਸੰਪਰਕ 604-761-2195 - ਸੋਹਣ ਸਿੰਘ ਪੂੰਨੀ


Thursday, September 24, 2009

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ਨਿਊ ਯੌਰਕ, ਯੂ.ਐੱਸ.ਏ. ਵਸਦੇ ਲੇਖਕ ਸੁਰਿੰਦਰ ਸੋਹਲ ਜੀ ਨੇ ਮਨਮੋਹਨ ਆਲਮ ਜੀ ਦੁਆਰਾ ਰਚਿਤ ਹਾਲ ਹੀ ‘ਚ ਉਰਦੂ ਤੋਂ ਪੰਜਾਬੀ ‘ਚ ਲਿੱਪੀਅੰਤਰ ਕੀਤਾ, ਖ਼ੂਬਸੂਰਤ ਗ਼ਜ਼ਲ-ਸੰਗ੍ਰਹਿ ‘ਧੂਪ ਛਾਓਂ’ ਆਰਸੀ ਲਈ ਭੇਜਿਆ ਹੈ। ਸੋਹਲ ਸਾਹਿਬ ਅਤੇ ਆਲਮ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’



Wednesday, September 16, 2009

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ਬਰੈਂਪਟਨ, ਕੈਨੇਡਾ ਵਸਦੇ ਲੇਖਕ ਮੇਜਰ ਮਾਂਗਟ ਜੀ ਨੇ ਹਾਲ ਹੀ ‘ਚ ਪ੍ਰਕਾਸ਼ਿਤ ਆਪਣਾ ਖ਼ੂਬਸੂਰਤ ਕਾਵਿ-ਸੰਗ੍ਰਹਿ ‘ਦਰਿਆ ‘ਚੋਂ ਦਿਸਦਾ ਚੰਨ’ ਆਰਸੀ ਲਈ ਭੇਜਿਆ ਹੈ। ਮਾਂਗਟ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’




Tuesday, September 15, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਨਾਭਾ, ਪੰਜਾਬ ਵਸਦੇ ਲੇਖਕ ਸੁਖਦੇਵ ਗਰੇਵਾਲ ਜੀ ਨੇ ਆਪਣੇ ਤਿੰਨ ਖ਼ੂਬਸੂਰਤ ਗ਼ਜ਼ਲ-ਸੰਗ੍ਰਹਿ ‘ਚਿੱਟੇ ਲਫ਼ਜ਼ ਉਦਾਸੇ ਰੰਗ’, ਸਹਿਮੀ ਰੌਸ਼ਨੀ’ ਅਤੇ ‘ਪਰਛਾਵਿਆਂ ਦੀ ਖ਼ੁਸ਼ਬੋ’ ਆਰਸੀ ਲਈ ਭੇਜੇ ਹਨ। ਗਰੇਵਾਲ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’












Friday, September 11, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਓਨਟਾਰੀਓ, ਕੈਨੇਡਾ ਵਸਦੇ ਲੇਖਕ ਡਾ: ਸੁਖਪਾਲ ਜੀ ਨੇ ਆਪਣੀਆਂ ਦੋ ਖ਼ੂਬਸੂਰਤ ਕਿਤਾਬਾਂ ‘ਚੁੱਪ ਚੁਪੀਤੇ ਚੇਤਰ ਚੜ੍ਹਿਆ’( ਇਸਦੀ ਇੱਕ ਕਾਪੀ ਉਹਨਾਂ ਨੇ ਕੈਲਗਰੀ ਫੇਰੀ ਦੌਰਾਨ ਵੀ ਦਿੱਤੀ ਸੀ ), ਅਤੇ ‘ਰਹਣੁ ਕਿਥਾਊ ਨਾਹਿ’ ਆਰਸੀ ਲਈ ਭੇਜੀਆਂ ਹਨ। ਡਾ: ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’









Tuesday, September 8, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਅਤੇ ਆਡਿਓ ਸੀ. ਡੀ. ਲਈ ਧੰਨਵਾਦ

ਦੋਸਤੋ! ਜਰਮਨੀ ਵਸਦੇ ਲੇਖਕ ਕੇਹਰ ਸ਼ਰੀਫ਼ ਜੀ ਨੇ ਆਪਣੀ ਖ਼ੂਬਸੂਰਤ ਕਿਤਾਬ ‘ਸਮੇਂ ਨਾਲ਼ ਸੰਵਾਦ’, ਅਤੇ ਚੰਡੀਗੜ੍ਹ ਵਸਦੇ ਲੇਖਕ ਸ਼ਾਮ ਸਿੰਘ (ਅੰਗ-ਸੰਗ) ਜੀ ਦੀ ਹਾਲ ਵਿਚ ਪ੍ਰਕਾਸ਼ਿਤ ਕਿਤਾਬ ‘ਵਕ਼ਤ ਦੇ ਸਫ਼ੇ ‘ਤੇ’ ਅਤੇ ਸ਼ਾਮ ਸਿੰਘ ਜੀ ਲਿਖੀਆਂ ਕਵਿਤਾਵਾਂ ਦੀ ਯੂ.ਕੇ. ਤੋਂ ਆਰ.ਡੀ. ਕੈਲੇ ਅਤੇ ਕੋਮਲ ਚੁੱਘ ਜੀ ਦੀ ਖ਼ੂਬਸੂਰਤ ਆਵਾਜ਼ ‘ਚ ਰਿਕਾਰਡਡ ਆਡਿਓ ਸੀ ਡੀ ‘ਅਸੀਂ ਉੱਡਦੇ ਪਰਿੰਦੇ’ ਆਰਸੀ ਲਈ ਭੇਜੀਆਂ ਹਨ। ਕੇਹਰ ਸ਼ਰੀਫ਼ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’

















Tuesday, September 1, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਪਟਿਆਲਾ, ਪੰਜਾਬ ਵਸਦੇ ਸ਼ਾਇਰ ਡਾ: ਅਮਰਜੀਤ ਕੌਂਕੇ ਜੀ ਨੇ ਆਪਣੀਆਂ ਤਿੰਨ ਹੋਰ ਖ਼ੂਬਸੂਰਤ ਕਿਤਾਬਾਂ ‘ਨਿਰਵਾਣ ਦੀ ਤਲਾਸ਼’, ‘ਦਵੰਦ ਕਥਾ’ ਅਤੇ ‘ਅਮਰਜੀਤ ਕੌਂਕੇ ਕਾਵਿ – ਸਿਰਜਣਾ ਤੇ ਸੰਵਾਦ’ (ਸੰਪਾਦਕ ਡਾ: ਆਤਮ ਰੰਧਾਵਾ), ਆਰਸੀ ਲਈ ਭੇਜੀਆਂ ਹਨ। ਕੌਂਕੇ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’










Friday, August 7, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਇਟਲੀ ਵਸਦੇ ਲੇਖਕ ਵਿਸ਼ਾਲ ਜੀ ਨੇ ਆਪਣੀਆਂ ਤਿੰਨ ਖ਼ੂਬਸੂਰਤ ਕਿਤਾਬਾਂ ‘ਥਾਰੀ ਯਾਦ ਚੋਖੀ ਆਵੇ’ ਅਤੇ ‘ਮੈਂ ਅਜੇ ਹੋਣਾ ਹੈ’, ਅਤੇ ‘ਤਿਤਲੀ ਤੇ ਕਾਲ਼ੀ ਹਵਾ’ ਆਰਸੀ ਲਈ ਭੇਜੀਆਂ ਹਨ। ਵਿਸ਼ਾਲ ਜੀ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’










Tuesday, August 4, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਟਰਾਂਟੋ, ਕੈਨੇਡਾ ਦੀ ਫੇਰੀ ਤੇ ਆਏ ਦੋਸਤ ਨਿਰਮਲ ਜੌੜਾ ਜੀ ਨੇ ਆਪਣੀਆਂ ਦੋ ਖ਼ੂਬਸੂਰਤ ਕਿਤਾਬਾਂ ‘ਸਵਾਮੀ’ ਅਤੇ ‘ਮਾਤਾ ਗੁਜਰੀ – ਸਾਕਾ ਸਰਹੰਦ’ ( ਦੋਵੇਂ ਨਾਟਕ) ਆਰਸੀ ਲਈ ਭੇਜੀਆਂ ਹਨ। ਉਹਨਾਂ ਦਾ ਬੇਹੱਦ ਸ਼ੁਕਰੀਆ। ਇਹਨਾਂ ਦੋਵੇਂ ਨਾਟਕਾਂ ਦੇ ਲਿੰਕ ਤਿਆਰ ਹੋ ਰਹੇ ਹਨ, ਆਉਂਣ ਵਾਲ਼ੇ ਦਿਨਾਂ ਵਿਚ ਤੁਸੀਂ ਇਹਨਾਂ ਨੂੰ ਆਰਸੀ ਤੇ ਪੜ੍ਹਨ ਦਾ ਆਨੰਦ ਮਾਣ ਸਕੋਗੇ।

ਅਦਬ ਸਹਿਤ

ਤਨਦੀਪ ‘ਤਮੰਨਾ’