Thursday, August 25, 2011

ਪੰਜਾਬੀ ਸ਼ਾਇਰ ਰਣਧੀਰ ਸਿੰਘ ਨਿਊਯਾਰਕ ਨਹੀਂ ਰਹੇ – ਸ਼ੋਕ ਸਮਾਚਾਰ

ਇਹ ਸੂਚਨਾ ਨਿਊਯਾਰਕ ਤੋਂ ਸੁਰਿੰਦਰ ਸੋਹਲ ਸਾਹਿਬ ਵੱਲੋਂ ਘੱਲੀ ਗਈ ਹੈ।
ਨਿਊਯਾਰਕ (ਸੁਰਿੰਦਰ ਸੋਹਲ) ਪੰਜਾਬੀ ਸ਼ਾਇਰ ਅਤੇ ਪੰਜਾਬੀ ਸਾਹਿਤ ਅਕੈਡਮੀ ਦੇ ਸਾਬਕਾ ਪ੍ਰਧਾਨ ਰਣਧੀਰ ਸਿੰਘ ਨਿਊਯਾਰਕ ਦਾ ਬੀਤੇ ਐਤਵਾਰ (21 ਅਗਸਤ) ਨੂੰ ਸਵੇਰੇ ਦਸ ਵਜੇ ਘਰੋਂ ਪਾਰਕ ਵਿਚ ਸੈਰ ਕਰਨ ਗਏ ਅਤੇ ਉਥੇ ਹੀ ਦਿਲ ਦੀ ਧੜਕਣ ਬੰਦ ਹੋਣ ਨਾਲ ਪੂਰੇ ਹੋ ਗਏ। ਉਹ 73 ਸਾਲਾਂ ਦੇ ਸਨ। ਉਹਨਾਂ ਪ੍ਰਮੁੱਖ ਰੂਪ ਵਿਚ ਗ਼ਜ਼ਲ ਹੀ ਲਿਖੀ। ਉਂਝ ਉਹਨਾਂ ਨੇ ਲੰਬੀਆਂ ਨਜ਼ਮਾਂ ਵੀ ਲਿਖੀਆਂ ਪਰ ਉਹਨਾਂ ਦਾ ਅਕਸ ਛੋਟੀ ਬਹਿਰ ਦੇ ਗ਼ਜ਼ਲਗੋਅ ਵਜੋਂ ਸਥਾਪਤ ਹੋਇਆ। ਉਰਦੂ ਸ਼ਾਇਰ ਜੌਹਰ ਮੀਰ ਹੋਰਾਂ ਉਹਨਾਂ ਨੂੰ 'ਛੋਟੀ ਬਹਿਰ ਦਾ ਵੱਡਾ ਕਵੀ' ਕਹਿ ਕੇ ਨਿਵਾਜਿਆ। ਰਣਧੀਰ ਸਿੰਘ ਹੋਰਾਂ ਦਾ ਜਨਮ 9 ਅਪ੍ਰੈਲ 1938 ਨੂੰ ਪਿੰਡ ਸਿਵੀਆਂ (ਬਠਿੰਡਾ) ਵਿਚ ਹੋਇਆ। ਉਹਨਾਂ ਨੇ 'ਤ੍ਰੇਲ ਨੂੰ ਤ੍ਰੇਲੀਆਂ' 'ਕਿਣਮਿਣੀਆਂ ਕਿੰਨ ਮਿਣੀਆਂ', 'ਚਾਨਣ ਸਿਆਹੀ ਦਾ', 'ਸੋਚੋ ਬੁੱਝੋ ਸਿਰਜੋ ਕਵਿਤਾ', 'ਮਾਂ ਮੁਹੱਬਤ', 'ਸੌ ਕਵਿਤਾਵਾਂ ਪੰਜ ਸਫ਼ਿਆਂ 'ਤੇ' ਕਾਵਿ-ਸੰਗ੍ਰਹਿ ਪੰਜਾਬੀ ਜਗਤ ਨੂੰ ਦਿੱਤੇ। ਰਣਧੀਰ ਸਿੰਘ ਨਿਊਯਾਰਕ ਅਕਾਦਮਿਕ ਖੇਤਰ ਵਿਚ ਵੀ ਪਰਵਾਨਿਆ ਗਿਆ ਹੈ। ਡਾ. ਬਲਜੀਤ ਕੌਰ ਦੀ ਨਿਗਰਾਨੀ ਹੇਠ ਉਸਦੇ ਸਮੁੱਚੇ ਕਾਰਜ 'ਤੇ ਐਮ ਫਿਲ ਹੋ ਚੁੱਕੀ ਹੈ। ਉਹਨਾਂ ਦਾ ਇਕ ਕਾਵਿ-ਸੰਗ੍ਰਹਿ 'ਗਾਗਰ ਤੋਂ ਸਾਗਰਾਂ' ਸ਼ਾਹਮੁਖੀ ਵਿਚ ਪਾਕਿਸਤਾਨ ਵਿਚ ਪ੍ਰਕਾਸ਼ਿਤ ਹੋਇਆ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਬੇਟੇ ਛੱਡ ਗਏ ਹਨ।
----

ਦੋਸਤੋ! ਆਰਸੀ ਪਰਿਵਾਰ ਵੱਲੋਂ ਸ: ਰਣਧੀਰ ਸਿੰਘ ਨਿਊਯਾਰਕ ਹੁਰਾਂ ਦੇ ਅਕਾਲ ਚਲਾਣੇ
‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰ ਰਹੇ ਹਾਂ ਜੀ। ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ ।
ਦੁਖੀ ਹਿਰਦੇ ਨਾਲ਼
ਸਮੂਹ ਆਰਸੀ ਪਰਿਵਾਰ





ਮਾਣਯੋਗ ਜੱਜ ਸ: ਅਜੀਤ ਸਿੰਘ ਨਾਹਲ ਦਾ ਦਿਹਾਂਤ – ਸ਼ੋਕ ਸਮਾਚਾਰ

ਇਹ ਸੂਚਨਾ ਨਿਊਯਾਰਕ ਤੋਂ ਸੁਰਿੰਦਰ ਸੋਹਲ ਸਾਹਿਬ ਵੱਲੋਂ ਘੱਲੀ ਗਈ ਹੈ।

ਨਿਊਯਾਰਕ (ਸੁਰਿੰਦਰ ਸੋਹਲ) ਨਿਊਯਾਰਕ ਦੇ ਡਿਪਾਰਟਮੈਂਟ ਆਫ਼ ਇਨਵਾਇਮੈਂਟਲ ਪ੍ਰੋਟੈਕਟਸ਼ਨ ਵਿਚ ਜੱਜ ਦੀਆਂ ਸੇਵਾਵਾਂ ਨਿਭਾਅ ਚੁੱਕੇ ਪੰਜਾਬੀ ਮੂਲ ਦੇ ਜੱਜ ਅਜੀਤ ਸਿੰਘ ਨਾਹਲ ਦਾ ਇੰਗਲੈਂਡ ਵਿਚ ਦਿਹਾਂਤ ਹੋ ਗਿਆ। ਸਾਊਥ ਅਫ਼ਰੀਕਾ ਵਿਚ ਜਨਮੇ ਅਜੀਤ ਸਿੰਘ ਨਾਹਲ ਦੇ ਪਿਤਾ ਜਲੰਧਰ ਲਾਗਲੇ ਪਿੰਡ ਨਾਹਲ (ਬਾਬਾ ਝੰਡਾ) ਤੋਂ ਸਾਊਥ ਅਫ਼ਰੀਕਾ ਗਏ ਸਨ। ਅਜੀਤ ਸਿੰਘ ਨਾਹਲ ਨੇ ਮੁੱਢਲੀ ਵਿਦਿਆ ਜ਼ਾਂਬੀਆ (ਸਾਊਥ ਅਫ਼ਰੀਕਾ) ਤੋਂ ਹਾਸਿਲ ਕੀਤੀ। ਉਸ ਤੋਂ ਬਾਦ ਉਹ ਲੰਡਨ ਵਿਚ ਪੜ੍ਹ ਕੇ ਬ੍ਰੈਸਟਰ ਬਣੇ। ਯੂ ਕੇ ਸਰਕਾਰ ਨੇ ਉਹਨਾਂ ਨੂੰ ਸਾਊਥ ਅਫਰੀਕਾ ਦੇ ਸ਼ਹਿਰ ਬਲੀਸ ਵਿਚ ਹਾਈ ਕਮਿਸ਼ਨਰ ਦੇ ਬਰਾਬਰ ਦਾ ਅਹੁੱਦਾ ਦੇ ਕੇ ਆਪਣਾ ਪ੍ਰਤੀਨਿਧ ਬਣਾ ਕੇ ਭੇਜਿਆ ਸੀ। ਉਥੋਂ ਅਮਰੀਕਾ ਦੇ ਐਮਬੈਡਰ ਨੇ ਉਹਨਾਂ ਨੂੰ ਗਰੀਨ ਕਾਰਡ ਦੇ ਕੇ ਅਮਰੀਕਾ ਲੈ ਆਂਦਾ। ਅਮਰੀਕਾ ਵਿਚ ਉਹਨਾਂ ਨੇ ਬਾਰ ਦਾ ਟੈਸਟ ਪਾਸ ਕੀਤਾ ਅਤੇ ਡਿਪਾਰਟਮੈਂਟ ਆਫ਼ ਇਨਵਾਇਰਮੈਂਟਲ ਪ੍ਰੋਟੈਕਸ਼ਨ ਵਿਚ ਜੱਜ ਰਹੇ, ਜਿਥੋਂ ਉਹ 83 ਸਾਲ ਦੀ ਉਮਰ ਵਿਚ ਰਿਟਾਇਰ ਹੋਏ। ਉਹਨਾਂ ਦੀ ਸਰਵਿਸ ਦੌਰਾਨ ਉਹਨਾਂ ਦੇ ਕੀਤੇ ਗਏ ਕਿਸੇ ਫ਼ੈਸਲੇ ਨੂੰ ਵੀ ਚੈਲੰਜ ਨਹੀਂ ਸੀ ਕੀਤਾ ਗਿਆ। ਉਹ ਪੰਜਾਬੀ, ਹਿੰਦੀ, ਉਰਦੂ, ਅੰਗਰੇਜ਼ੀ ਜ਼ਬਾਨਾਂ ਤੋਂ ਇਲਾਵਾ ਜਰਮਨੀ, ਫਰੈਂਚ ਵੀ ਲਿਖ, ਪੜ੍ਹ, ਬੋਲ ਸਕਦੇ ਸਨ। ਉਹਨਾਂ ਨੇ ਪੂਰੀ ਦੁਨੀਆ ਦੇ ਮੁਲਕਾਂ ਦੀ ਯਾਤਰਾ ਕੀਤੀ ਹੋਈ ਸੀ। ਪਰ ਮਾਰਕਸਵਾਦੀ ਫ਼ਲਸਫ਼ੇ ਦੇ ਵਿਰੋਧੀ ਹੋਣ ਕਰਕੇ ਉਹ ਜਾਣ-ਬੁੱਝ ਕੇ ਰੂਸ ਨਹੀਂ ਸਨ ਗਏ। ਉਹ ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੇ ਮੁੱਢਲੇ ਮੈਂਬਰਾਂ ਵਿਚੋਂ ਇਕ ਸਨ। ਸਾਹਿਤ ਪੜ੍ਹਨ ਦੇ ਸ਼ੌਕੀਨ ਜੱਜ ਸਾਹਿਬ ਨੇ ਸਵੈ-ਜੀਵਨੀ ਵੀ ਲਿਖੀ, ਜੋ ਅਣਪ੍ਰਕਾਸ਼ਿਤ ਹੈ। ਜਵਾਨੀ ਵੇਲੇ ਉਹਨਾਂ ਨੂੰ ਸ਼ਿਕਾਰ ਖੇਡਣ ਦਾ ਵੀ ਸ਼ੌਕ ਰਿਹਾ। ਉਹਨਾਂ ਨੇ ਆਪਣੇ ਹੱਥੀਂ ਜ਼ੀਬਰਾ ਵੀ ਮਾਰਿਆ, ਜਿਸ ਦੀ ਖੱਲ ਉਹਨਾਂ ਦੇ ਫਲੱਸ਼ਿੰਗ, ਨਿਊਯਾਰਕ ਵਾਲੇ ਅਪਾਰਟਮੈਂਟ ਵਿਚ ਦੀਵਾਰ 'ਤੇ ਟੰਗੀ ਹੋਈ ਹੈ। ਇਹਨੀਂ ਦਿਨੀਂ ਉਹ ਇੰਗਲੈਂਡ ਗਏ ਹੋਏ ਸਨ, ਜਿਥੇ ਉਹਨਾਂ ਦਾ ਦਿਹਾਂਤ ਹੋ ਗਿਆ। ਇਤਫ਼ਾਕ ਦੀ ਗੱਲ ਇਹ ਹੈ ਕਿ ਬੀਤੇ ਜਿਸ ਦਿਨ ਉਹਨਾਂ ਦਾ ਸੰਸਕਾਰ ਕੀਤਾ ਗਿਆ, ਉਸ ਦਿਨ ਉਹਨਾਂ ਦਾ 91ਵਾਂ ਜਨਮ ਦਿਨ ਸੀ।
ਫੋਟੋ: ਕੈਪਸ਼ਨ
ਮਾਨਯੋਗ ਜੱਜ ਅਜੀਤ ਸਿੰਘ ਨਾਹਲ ਦੇ ਦੋ ਅੰਦਾਜ਼। (ਖੱਬੇ) ਇੰਗਲੈਂਡ ਵਿਚ ਬਰੈਸਟਰ ਸਮੇਂ ਅਤੇ (ਸੱਜੇ) ਅਮਰੀਕਾ ਵਿਚ ਜੱਜ ਹੁੰਦੇ ਹੋਏ।

-----
ਦੋਸਤੋ! ਆਰਸੀ ਪਰਿਵਾਰ ਵੱਲੋਂ
ਮਾਣਯੋਗ ਜੱਜ ਸ: ਅਜੀਤ ਸਿੰਘ ਨਾਹਲ ਹੁਰਾਂ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰ ਰਹੇ ਹਾਂ ਜੀ। ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ।
ਦੁਖੀ ਹਿਰਦੇ ਨਾਲ਼
ਸਮੂਹ ਆਰਸੀ ਪਰਿਵਾਰ