ਇਹ ਸੂਚਨਾ ਨਿਊਯਾਰਕ ਤੋਂ ਸੁਰਿੰਦਰ ਸੋਹਲ ਸਾਹਿਬ ਵੱਲੋਂ ਘੱਲੀ ਗਈ ਹੈ।ਨਿਊਯਾਰਕ (ਸੁਰਿੰਦਰ ਸੋਹਲ) ਨਿਊਯਾਰਕ ਦੇ ਡਿਪਾਰਟਮੈਂਟ ਆਫ਼ ਇਨਵਾਇਮੈਂਟਲ ਪ੍ਰੋਟੈਕਟਸ਼ਨ ਵਿਚ ਜੱਜ ਦੀਆਂ ਸੇਵਾਵਾਂ ਨਿਭਾਅ ਚੁੱਕੇ ਪੰਜਾਬੀ ਮੂਲ ਦੇ ਜੱਜ ਅਜੀਤ ਸਿੰਘ ਨਾਹਲ ਦਾ ਇੰਗਲੈਂਡ ਵਿਚ ਦਿਹਾਂਤ ਹੋ ਗਿਆ। ਸਾਊਥ ਅਫ਼ਰੀਕਾ ਵਿਚ ਜਨਮੇ ਅਜੀਤ ਸਿੰਘ ਨਾਹਲ ਦੇ ਪਿਤਾ ਜਲੰਧਰ ਲਾਗਲੇ ਪਿੰਡ ਨਾਹਲ (ਬਾਬਾ ਝੰਡਾ) ਤੋਂ ਸਾਊਥ ਅਫ਼ਰੀਕਾ ਗਏ ਸਨ। ਅਜੀਤ ਸਿੰਘ ਨਾਹਲ ਨੇ ਮੁੱਢਲੀ ਵਿਦਿਆ ਜ਼ਾਂਬੀਆ (ਸਾਊਥ ਅਫ਼ਰੀਕਾ) ਤੋਂ ਹਾਸਿਲ ਕੀਤੀ। ਉਸ ਤੋਂ ਬਾਦ ਉਹ ਲੰਡਨ ਵਿਚ ਪੜ੍ਹ ਕੇ ਬ੍ਰੈਸਟਰ ਬਣੇ। ਯੂ ਕੇ ਸਰਕਾਰ ਨੇ ਉਹਨਾਂ ਨੂੰ ਸਾਊਥ ਅਫਰੀਕਾ ਦੇ ਸ਼ਹਿਰ ਬਲੀਸ ਵਿਚ ਹਾਈ ਕਮਿਸ਼ਨਰ ਦੇ ਬਰਾਬਰ ਦਾ ਅਹੁੱਦਾ ਦੇ ਕੇ ਆਪਣਾ ਪ੍ਰਤੀਨਿਧ ਬਣਾ ਕੇ ਭੇਜਿਆ ਸੀ। ਉਥੋਂ ਅਮਰੀਕਾ ਦੇ ਐਮਬੈਡਰ ਨੇ ਉਹਨਾਂ ਨੂੰ ਗਰੀਨ ਕਾਰਡ ਦੇ ਕੇ ਅਮਰੀਕਾ ਲੈ ਆਂਦਾ। ਅਮਰੀਕਾ ਵਿਚ ਉਹਨਾਂ ਨੇ ਬਾਰ ਦਾ ਟੈਸਟ ਪਾਸ ਕੀਤਾ ਅਤੇ ਡਿਪਾਰਟਮੈਂਟ ਆਫ਼ ਇਨਵਾਇਰਮੈਂਟਲ ਪ੍ਰੋਟੈਕਸ਼ਨ ਵਿਚ ਜੱਜ ਰਹੇ, ਜਿਥੋਂ ਉਹ 83 ਸਾਲ ਦੀ ਉਮਰ ਵਿਚ ਰਿਟਾਇਰ ਹੋਏ। ਉਹਨਾਂ ਦੀ ਸਰਵਿਸ ਦੌਰਾਨ ਉਹਨਾਂ ਦੇ ਕੀਤੇ ਗਏ ਕਿਸੇ ਫ਼ੈਸਲੇ ਨੂੰ ਵੀ ਚੈਲੰਜ ਨਹੀਂ ਸੀ ਕੀਤਾ ਗਿਆ। ਉਹ ਪੰਜਾਬੀ, ਹਿੰਦੀ, ਉਰਦੂ, ਅੰਗਰੇਜ਼ੀ ਜ਼ਬਾਨਾਂ ਤੋਂ ਇਲਾਵਾ ਜਰਮਨੀ, ਫਰੈਂਚ ਵੀ ਲਿਖ, ਪੜ੍ਹ, ਬੋਲ ਸਕਦੇ ਸਨ। ਉਹਨਾਂ ਨੇ ਪੂਰੀ ਦੁਨੀਆ ਦੇ ਮੁਲਕਾਂ ਦੀ ਯਾਤਰਾ ਕੀਤੀ ਹੋਈ ਸੀ। ਪਰ ਮਾਰਕਸਵਾਦੀ ਫ਼ਲਸਫ਼ੇ ਦੇ ਵਿਰੋਧੀ ਹੋਣ ਕਰਕੇ ਉਹ ਜਾਣ-ਬੁੱਝ ਕੇ ਰੂਸ ਨਹੀਂ ਸਨ ਗਏ। ਉਹ ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੇ ਮੁੱਢਲੇ ਮੈਂਬਰਾਂ ਵਿਚੋਂ ਇਕ ਸਨ। ਸਾਹਿਤ ਪੜ੍ਹਨ ਦੇ ਸ਼ੌਕੀਨ ਜੱਜ ਸਾਹਿਬ ਨੇ ਸਵੈ-ਜੀਵਨੀ ਵੀ ਲਿਖੀ, ਜੋ ਅਣਪ੍ਰਕਾਸ਼ਿਤ ਹੈ। ਜਵਾਨੀ ਵੇਲੇ ਉਹਨਾਂ ਨੂੰ ਸ਼ਿਕਾਰ ਖੇਡਣ ਦਾ ਵੀ ਸ਼ੌਕ ਰਿਹਾ। ਉਹਨਾਂ ਨੇ ਆਪਣੇ ਹੱਥੀਂ ਜ਼ੀਬਰਾ ਵੀ ਮਾਰਿਆ, ਜਿਸ ਦੀ ਖੱਲ ਉਹਨਾਂ ਦੇ ਫਲੱਸ਼ਿੰਗ, ਨਿਊਯਾਰਕ ਵਾਲੇ ਅਪਾਰਟਮੈਂਟ ਵਿਚ ਦੀਵਾਰ 'ਤੇ ਟੰਗੀ ਹੋਈ ਹੈ। ਇਹਨੀਂ ਦਿਨੀਂ ਉਹ ਇੰਗਲੈਂਡ ਗਏ ਹੋਏ ਸਨ, ਜਿਥੇ ਉਹਨਾਂ ਦਾ ਦਿਹਾਂਤ ਹੋ ਗਿਆ। ਇਤਫ਼ਾਕ ਦੀ ਗੱਲ ਇਹ ਹੈ ਕਿ ਬੀਤੇ ਜਿਸ ਦਿਨ ਉਹਨਾਂ ਦਾ ਸੰਸਕਾਰ ਕੀਤਾ ਗਿਆ, ਉਸ ਦਿਨ ਉਹਨਾਂ ਦਾ 91ਵਾਂ ਜਨਮ ਦਿਨ ਸੀ।
ਫੋਟੋ: ਕੈਪਸ਼ਨ
ਮਾਨਯੋਗ ਜੱਜ ਅਜੀਤ ਸਿੰਘ ਨਾਹਲ ਦੇ ਦੋ ਅੰਦਾਜ਼। (ਖੱਬੇ) ਇੰਗਲੈਂਡ ਵਿਚ ਬਰੈਸਟਰ ਸਮੇਂ ਅਤੇ (ਸੱਜੇ) ਅਮਰੀਕਾ ਵਿਚ ਜੱਜ ਹੁੰਦੇ ਹੋਏ।
ਦੋਸਤੋ! ਆਰਸੀ ਪਰਿਵਾਰ ਵੱਲੋਂ ਮਾਣਯੋਗ ਜੱਜ ਸ: ਅਜੀਤ ਸਿੰਘ ਨਾਹਲ ਹੁਰਾਂ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰ ਰਹੇ ਹਾਂ ਜੀ। ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ।
ਦੁਖੀ ਹਿਰਦੇ ਨਾਲ਼
ਸਮੂਹ ਆਰਸੀ ਪਰਿਵਾਰ
No comments:
Post a Comment