ਜੈਤੋ-ਪੰਜਾਬੀ ਸਾਹਿਤ ਸਭਾ (ਰਜਿ.) ਜੈਤੋ ਵੱਲੋਂ ਉਸਤਾਦ ਗ਼ਜ਼ਲਗੋ ਮਰਹੂਮ ਦੀਪਕ ਜੈਤੋਈ ਦੀ ਯਾਦ ਵਿਚ ਸ਼ੁਰੂ ਕੀਤਾ ਗਿਆ ਦੀਪਕ ਜੈਤੋਈ ਐਵਾਰਡ ਇਸ ਵਾਰ ਪੰਜਾਬੀ ਦੇ ਪ੍ਰਸਿੱਧ ਗ਼ਜ਼ਲਗੋ ਜਸਵਿੰਦਰ ਨੂੰ ਅਤੇ ਇਸ ਸਾਲ ਤੋਂ ਸ਼ੁਰੂ ਕੀਤਾ ਜਾ ਰਿਹਾ ਪ੍ਰੋ. ਰੁਪਿੰਦਰ ਮਾਨ ਯਾਦਗਾਰੀ ਐਵਾਰਡ ਉਘੇ ਕਵੀ ਜਸਵੰਤ ਜ਼ਫ਼ਰ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਹਰਦਮ ਸਿੰਘ ਮਾਨ ਨੇ ਦੱਸਿਆ ਹੈ ਕਿ ਇਹ ਫੈਸਲਾ ਸਭਾ ਦੇ ਪ੍ਰਧਾਨ ਅਮਰਜੀਤ ਢਿੱਲੋਂ ਦੀ ਅਗਵਾਈ ਹੇਠ ਇਥੇ ਹੋਈ ਇਕ ਮੀਟਿੰਗ ਵਿਚ ਕੀਤਾ ਗਿਆ। ਇਸ ਮੀਟਿੰਗ ਵਿਚ ਡਾ. ਹਰਜਿੰਦਰ ਸਿੰਘ ਸੂਰੇਵਾਲੀਆ, ਸੁਰਿੰਦਰਪ੍ਰੀਤ ਘਣੀਆਂ, ਦਰਸ਼ਨ ਬਲ੍ਹਾੜੀਆ, ਸੁਰਜੀਤ ਅਮਰ, ਭੁਪਿੰਦਰ ਜੈਤੋ, ਹਰਜਿੰਦਰ ਢਿੱਲੋਂ, ਮੰਗਤ ਸ਼ਰਮਾ, ਗੁਰਸਹਿਬ ਸਿੰਘ ਬਰਾੜ ਅਤੇ ਯਸ਼ਪਾਲ ਸ਼ਰਮਾ ਹਾਜਰ ਹੋਏ। ਉਨ੍ਹਾਂ ਦੱਸਿਆ ਕਿ ਇਹ ਐਵਾਰਡ ਸਭਾ ਵੱਲੋਂ 17 ਜਨਵਰੀ 2010 ਨੂੰ ਸਾਹਿਤ ਸਦਨ ਜੈਤੋ ਵਿਖੇ ਕਰਵਾਏ ਜਾ ਰਹੇ ਸਾਲਾਨਾ ਸਮਾਗਮ ਦੌਰਾਨ ਦਿੱਤੇ ਜਾਣਗੇ। ਇਸ ਸਮਾਗਮ ਦੀ ਪ੍ਰਧਾਨਗੀ ਵਿਸ਼ਵ ਪ੍ਰਸਿੱਧ ਸਾਹਿਤਕਾਰ ਪਦਮ ਪ੍ਰੋ. ਗੁਰਦਿਆਲ ਸਿੰਘ ਕਰਨਗੇ ਅਤੇ ਸਮਾਗਮ ਦੇ ਮੁੱਖ ਮਹਿਮਾਨ ਪੰਜਾਬੀ ਦੇ ਨਾਮਵਰ ਸ਼ਾਇਰ ਸੁਰਜੀਤ ਪਾਤਰ ਹੋਣਗੇ। ਸਮਾਗਮ ਵਿਚ ਪ੍ਰੋ. ਅਨੂਪ ਵਿਰਕ, ਦਰਸ਼ਨ ਬੁੱਟਰ, ਸੁਲੱਖਣ ਸਰਹੱਦੀ, ਅਵਤਾਰ ਸਿੰਘ ਸਮਾਧ ਭਾਈ ਅਤੇ ਬਲਕਾਰ ਸਿੰਘ ਦਲ ਸਿੰਘ ਵਾਲਾ ਵਿਸ਼ੇਸ਼ ਮਹਿਮਾਨ ਮਹਿਮਾਨ ਹੋਣਗੇ। ਇਸ ਮੌਕੇ ਕਵੀ ਦਰਬਾਰ ਵੀ ਹੋਵੇਗਾ ਜਿਸ ਵਿਚ ਉਘੇ ਕਵੀ ਭਾਗ ਲੈਣਗੇ।