ਨਿਊਯਾਰਕ (ਸੁਰਿੰਦਰ ਸੋਹਲ)- ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੇ ਪਹਿਲੇ ਪ੍ਰਧਾਨ ਅਤੇ ‘ਨਿੱਕੀ ਬਹਿਰ ਦੇ ਵੱਡੇ ਕਵੀ’ ਵਜੋਂ ਜਾਣੇ ਗਏ ਰਣਧੀਰ ਸਿੰਘ ਨਿਊਯਾਰਕ ਦੀ ਯਾਦ ਵਿਚ ਸ਼ੁਰੂ ਕੀਤਾ ਗਿਆ ‘ਰਣਧੀਰ ਸਿੰਘ ਨਿਊਯਾਰਕ ਪੁਰਸਕਾਰ’ ਪੰਜਾਬੀ ਦੇ ਚਰਚਿਤ ਗ਼ਜ਼ਲਗੋਅ ਜਸਵਿੰਦਰ ਦੇ ਨਵ-ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ ‘ਅਗਰਬੱਤੀ’ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੇ ਮੌਜੂਦਾ ਪ੍ਰਧਾਨ ਰਾਜਿੰਦਰ ਜਿੰਦ ਨੇ ਇਕ ਬਿਆਨ ਵਿਚ ਦੱਸਿਆ ਕਿ ਇਸ ਇਨਾਮ ਵਿਚ 51 ਹਜ਼ਾਰ ਰੁਪਏ ਦੀ ਰਾਸ਼ੀ, ਯਾਦਗਾਰੀ ਚਿੰਨ੍ਹ ਅਤੇ ਸ਼ਾਲ ਸ਼ਾਮਿਲ ਹੋਵੇਗਾ। ਇਨਾਮ ਦਾ ਐਲਾਨ ਕਰਦੇ ਹੋਏ ਪੰਜਾਬੀ ਸਾਹਿਤ ਅਕੈਡਮੀ ਵਲੋਂ ਬਲਦੇਵ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬੀ ਦੇ ਕੁਝ ਆਲਚੋਕਾਂ ਅਤੇ ਲੇਖਕਾਂ ਤੋਂ ਗੁਪਤ ਰੂਪ ਵਿਚ ਲਈਆਂ ਰਾਏਆਂ ਦੇ ਆਧਾਰ ’ਤੇ ਇਸ ਪੁਸਤਕ ਨੂੰ ਚੁਣਿਆ ਗਿਆ ਹੈ। ਕੁਝ ਹਫ਼ਤਿਆਂ ਬਾਅਦ ਇਕ ਪ੍ਰਭਾਵਸ਼ਾਲੀ ਸਮਾਗਮ ਵਿਚ ਜਸਵਿੰਦਰ ਹੋਰਾਂ ਨੂੰ ‘ਰਣਧੀਰ ਸਿੰਘ ਨਿਊਯਾਰਕ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਜਾਵੇਗਾ। ‘ਅਗਰਬੱਤੀ’ ਤੋਂ ਪਹਿਲਾਂ ਜਸਵਿੰਦਰ ਦੇ ਦੋ ਗ਼ਜ਼ਲ-ਸੰਗ੍ਰਹਿ ‘ਕਾਲੇ ਹਰਫ਼ਾਂ ਦੀ ਲੋਅ’ ਅਤੇ ‘ਕੱਕੀ ਰੇਤ ਦੇ ਵਰਕੇ’ ਪ੍ਰਕਾਸ਼ਿਤ ਹੋ ਚੁੱਕੇ ਹਨ।
********
ਸਮੂਹ ਆਰਸੀ ਪਰਿਵਾਰ ਵੱਲੋਂ ਜਸਵਿੰਦਰ ਜੀ ਅਤੇ ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਨੂੰ ਦਿਲੀ ਮੁਬਾਰਕਬਾਦ ..:)