----
ਹਰ ਸ਼ਹਿਰ ਵਿਚ ਗ਼ਜ਼ਲ ਦੇ ਮਾਹਿਰ ਗ਼ਜ਼ਲਗੋ ਬੈਠੇ ਨੇ। ਦੁੱਖ ਇਸ ਗੱਲ ਦਾ ਜ਼ਿਆਦਾ ਹੁੰਦਾ ਹੈ ਕਿ ਬਹੁਤੀ ਵਾਰ ਤਾਂ ਜਿਨ੍ਹਾਂ ਦੀਆਂ ਗ਼ਜ਼ਲਾਂ ਬੇ-ਬਹਿਰੀਆਂ ਗ਼ਜ਼ਲਾਂ ਪਹੁੰਚਦੀਆਂ ਨੇ, ਮੁਆਫ਼ੀ ਚਾਹੁੰਦੀ ਹਾਂ ਕਿ ਉਹਨਾਂ ਦੀਆਂ ਦੋ-ਤਿੰਨ ਕਿਤਾਬਾਂ ਗ਼ਜ਼ਲਾਂ ਦੀਆਂ ਛਪ ਚੁੱਕੀਆਂ ਹੁੰਦੀਆਂ ਹਨ। ਹਰ ਕੋਈ ਸਿੱਖ ਕੇ ਪ੍ਰਵੀਨ ਹੁੰਦਾ ਹੈ, ਸੋ ਇੱਕ-ਦੂਜੇ ਦੀਆਂ ਤਾਰੀਫ਼ਾਂ ਦੇ ਪੁਲ਼ ਬੰਨ੍ਹ ਕੇ ਗ਼ਜ਼ਲਾਂ ਭੇਜਣ ਨਾਲ਼ੋਂ ਚੰਗਾ ਹੈ ਕਿ ਕਿਸੇ ਪਰਪੱਕ ਗ਼ਜ਼ਲਗੋ ਤੋਂ ਇਸਲਾਹ ਲਈਏ। ਬੇ-ਬਹਿਰੀਆਂ ਗ਼ਜ਼ਲਾਂ ਨੂੰ ਵੇਖ ਕੇ ਮੈਂ ਖ਼ੁਦ ਇਸ ਸਿਨਫ਼ ਦੇ ਟੈਕਨੀਕਲ ਪੱਖ ਨੂੰ ਸਮਝਣ ਲਈ ਹੁਣ ਬਾਦਲ ਸਾਹਿਬ ਤੋਂ ਗ਼ਜ਼ਲ ਬਾਰੇ ਸਿੱਖਣਾ ਸ਼ੁਰੂ ਕੀਤਾ ਹੈ, ਕਿਉਂਕਿ ਉਹਨਾਂ ਦੀ ਸਿਹਤ ਏਨੀ ਇਜਾਜ਼ਤ ਨਹੀਂ ਦਿੰਦੀ ਕਿ ਹਰ ਆਈ ਗ਼ਜ਼ਲ ਨੂੰ ਜਾਂਚਣ। ਆਰਸੀ ਤੇ ਪੋਸਟ ਕਰਨ ਵਾਲ਼ੀ ਹਰ ਗ਼ਜ਼ਲ ‘ਚ ਬਹਿਰ-ਵਜ਼ਨ ਹੀ ਨਹੀਂ ਦੇਖਿਆ ਜਾਂਦਾ, ਖ਼ਿਆਲਾਂ ਦੀ ਪੁਖ਼ਤਗੀ ਤੇ ਉਹਨਾਂ ਦਾ ਨਿਭਾਅ ਵੀ ਵੇਖਿਆ ਜਾਂਦਾ ਹੈ।
----
ਹੁਣ ਤੋਂ ਬਾਅਦ, ਜੇ ਕੋਈ ਗ਼ਜ਼ਲ ਆਰਸੀ ਤੇ ਪੋਸਟ ਨਹੀਂ ਕੀਤੀ ਜਾਂਦੀ ਤਾਂ, ਉਸਦਾ ਲਿਖਤੀ ਉੱਤਰ ਨਹੀਂ ਦਿੱਤਾ ਜਾਵੇਗਾ। ਇਸ ਕਰਕੇ ਬਕੌਲ ਉਸਤਾਦ ਗ਼ਜ਼ਲਗੋ ਜਨਾਬ ਦੀਪਕ ਜੈਤੋਈ ਜੀ ਕੋਈ ਅਜਿਹੀ ਗ਼ਜ਼ਲ ਵਿਚਾਰੀ ਜਾਂ ਸੋਧੀ ਨਹੀਂ ਜਾਵੇਗੀ ਜਿਸਦਾ ਇਸ ਸ਼ਿਅਰ ਵਾਂਗ ਗ਼ਜ਼ਲ ਨਾਲ਼ ਦੂਰ-ਦੂਰ ਦਾ ਨਾਤਾ ਵੀ ਨਾ ਹੋਵੇ...
“ਉਹ ਸੋਹਣਾ ਵੀ ਹੁਣ ਵਿਹਲਾ ਏ ਮੈਨੂੰ ਵੀ ਕੋਈ ਕੰਮ ਨਹੀਂ
ਮੈਂ ਇਸ਼ਕ ਦਾ ਰੋਗ ਲਗਾਣਾ ਏਂ ਭਾਈਏ ਨੂੰ ਪਹਿਲਾਂ ਪੁੱਛ ਲਵਾਂ।”
ਅਦਬ ਸਹਿਤ
ਤਨਦੀਪ ‘ਤਮੰਨਾ’