ਪੰਜਾਬੀ ਸ਼ਾਇਰ ਰਣਧੀਰ ਸਿੰਘ ਨਿਊਯਾਰਕ ਨਹੀਂ ਰਹੇ – ਸ਼ੋਕ ਸਮਾਚਾਰ
ਇਹ ਸੂਚਨਾ ਨਿਊਯਾਰਕ ਤੋਂ ਸੁਰਿੰਦਰ ਸੋਹਲ ਸਾਹਿਬ ਵੱਲੋਂ ਘੱਲੀ ਗਈ ਹੈ।
ਨਿਊਯਾਰਕ (ਸੁਰਿੰਦਰ ਸੋਹਲ) ਪੰਜਾਬੀ ਸ਼ਾਇਰ ਅਤੇ ਪੰਜਾਬੀ ਸਾਹਿਤ ਅਕੈਡਮੀ ਦੇ ਸਾਬਕਾ ਪ੍ਰਧਾਨ ਰਣਧੀਰ ਸਿੰਘ ਨਿਊਯਾਰਕ ਦਾ ਬੀਤੇ ਐਤਵਾਰ (21 ਅਗਸਤ) ਨੂੰ ਸਵੇਰੇ ਦਸ ਵਜੇ ਘਰੋਂ ਪਾਰਕ ਵਿਚ ਸੈਰ ਕਰਨ ਗਏ ਅਤੇ ਉਥੇ ਹੀ ਦਿਲ ਦੀ ਧੜਕਣ ਬੰਦ ਹੋਣ ਨਾਲ ਪੂਰੇ ਹੋ ਗਏ। ਉਹ 73 ਸਾਲਾਂ ਦੇ ਸਨ। ਉਹਨਾਂ ਪ੍ਰਮੁੱਖ ਰੂਪ ਵਿਚ ਗ਼ਜ਼ਲ ਹੀ ਲਿਖੀ। ਉਂਝ ਉਹਨਾਂ ਨੇ ਲੰਬੀਆਂ ਨਜ਼ਮਾਂ ਵੀ ਲਿਖੀਆਂ ਪਰ ਉਹਨਾਂ ਦਾ ਅਕਸ ਛੋਟੀ ਬਹਿਰ ਦੇ ਗ਼ਜ਼ਲਗੋਅ ਵਜੋਂ ਸਥਾਪਤ ਹੋਇਆ। ਉਰਦੂ ਸ਼ਾਇਰ ਜੌਹਰ ਮੀਰ ਹੋਰਾਂ ਉਹਨਾਂ ਨੂੰ 'ਛੋਟੀ ਬਹਿਰ ਦਾ ਵੱਡਾ ਕਵੀ' ਕਹਿ ਕੇ ਨਿਵਾਜਿਆ। ਰਣਧੀਰ ਸਿੰਘ ਹੋਰਾਂ ਦਾ ਜਨਮ 9 ਅਪ੍ਰੈਲ 1938 ਨੂੰ ਪਿੰਡ ਸਿਵੀਆਂ (ਬਠਿੰਡਾ) ਵਿਚ ਹੋਇਆ। ਉਹਨਾਂ ਨੇ 'ਤ੍ਰੇਲ ਨੂੰ ਤ੍ਰੇਲੀਆਂ' 'ਕਿਣਮਿਣੀਆਂ ਕਿੰਨ ਮਿਣੀਆਂ', 'ਚਾਨਣ ਸਿਆਹੀ ਦਾ', 'ਸੋਚੋ ਬੁੱਝੋ ਸਿਰਜੋ ਕਵਿਤਾ', 'ਮਾਂ ਮੁਹੱਬਤ', 'ਸੌ ਕਵਿਤਾਵਾਂ ਪੰਜ ਸਫ਼ਿਆਂ 'ਤੇ' ਕਾਵਿ-ਸੰਗ੍ਰਹਿ ਪੰਜਾਬੀ ਜਗਤ ਨੂੰ ਦਿੱਤੇ। ਰਣਧੀਰ ਸਿੰਘ ਨਿਊਯਾਰਕ ਅਕਾਦਮਿਕ ਖੇਤਰ ਵਿਚ ਵੀ ਪਰਵਾਨਿਆ ਗਿਆ ਹੈ। ਡਾ. ਬਲਜੀਤ ਕੌਰ ਦੀ ਨਿਗਰਾਨੀ ਹੇਠ ਉਸਦੇ ਸਮੁੱਚੇ ਕਾਰਜ 'ਤੇ ਐਮ ਫਿਲ ਹੋ ਚੁੱਕੀ ਹੈ। ਉਹਨਾਂ ਦਾ ਇਕ ਕਾਵਿ-ਸੰਗ੍ਰਹਿ 'ਗਾਗਰ ਤੋਂ ਸਾਗਰਾਂ' ਸ਼ਾਹਮੁਖੀ ਵਿਚ ਪਾਕਿਸਤਾਨ ਵਿਚ ਪ੍ਰਕਾਸ਼ਿਤ ਹੋਇਆ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਬੇਟੇ ਛੱਡ ਗਏ ਹਨ।
----
ਦੋਸਤੋ! ਆਰਸੀ ਪਰਿਵਾਰ ਵੱਲੋਂ ਸ: ਰਣਧੀਰ ਸਿੰਘ ਨਿਊਯਾਰਕ ਹੁਰਾਂ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰ ਰਹੇ ਹਾਂ ਜੀ। ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ ।
ਦੁਖੀ ਹਿਰਦੇ ਨਾਲ਼
ਸਮੂਹ ਆਰਸੀ ਪਰਿਵਾਰ
No comments:
Post a Comment