Monday, February 15, 2010

ਸੰਸਾਰ-ਪ੍ਰਸਿੱਧ ਨਾਵਲਿਸਟ ਅਤੇ ਕਹਾਣੀਕਾਰ ਸ੍ਰੀ ਰਾਮ ਸਰੂਪ ਅਣਖੀ ਜੀ ਨਹੀਂ ਰਹੇ – ਸ਼ੋਕ ਸਮਾਚਾਰ

ਸਾਹਿਤਕ ਹਲਕਿਆਂ ਚ ਇਹ ਖ਼ਬਰ ਬੜੇ ਦੁੱਖ ਨਾਲ਼ ਪੜ੍ਹੀ ਜਾਵੇਗੀ ਕਿ ਸੰਸਾਰ-ਪ੍ਰਸਿੱਧ ਨਾਵਲਿਸਟ ਅਤੇ ਕਹਾਣੀਕਾਰ ਸ੍ਰੀ ਰਾਮ ਸਰੂਪ ਅਣਖੀ ਜੀ ਅੱਜ ਅਕਾਲ ਚਲਾਣਾ ਕਰ ਗਏ ਹਨ। ਬਰਨਾਲੇ ਦੇ ਪਿੰਡ ਧੌਲਾ ਵਿਚ 1932 ਚ ਜਨਮੇ ਅਣਖੀ ਸਾਹਿਬ ਨੇ ਬਾਰਾਂ ਕਹਾਣੀ ਸੰਗ੍ਰਹਿ, ਪੰਦਰਾਂ ਨਾਵਲ ਅਤੇ ਪੰਜ ਕਵਿਤਾ-ਸੰਗ੍ਰਹਿ ਅਤੇ ਹੋਰ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਸਨ, ਜਿਨ੍ਹਾਂ ਵਿਚ ਜਿਨ ਸਿਰ ਸੋਹਨਿ ਪੱਟੀਆਂ, ਸੁਲਗਦੀ ਰਾਤ, ਸਵਾਲ ਦਰ ਸਵਾਲ, ਪੈਂਡਾ, ਲੋਹੇ ਦਾ ਗੇਟ, ਢਿੱਡ ਦੀ ਆਂਦਰ, ਕੱਖਾਂ ਕਾਨਿਆਂ ਦੇ ਫੁੱਲ, ਰੇਸ਼ਮਾ, ਕੋਠੇ ਖੜਕ ਸਿੰਘ, ਮੁਹੱਬਤ ਦੀ ਮਿੱਟੀ, ਸਾਂਝੀ ਖਿੜਕੀ, ਜਵਾਰ ਭਾਟਾ, ਅਤੇ ਸਵੈ- ਜੀਵਨੀ ਮੱਲ੍ਹੇ ਝਾੜੀਆਂ ਪ੍ਰਮੁੱਖ ਹਨ। ਉਹਨਾਂ ਨੂੰ ਆਪਣੀਆਂ ਲਿਖਤਾਂ ਨਾਲ਼ ਪੰਜਾਬੀ ਸਾਹਿਤ ਚ ਪਾਏ ਵਡਮੁੱਲੇ ਯੋਗਦਾਨ ਲਈ ਸਾਹਿਤ ਅਕੈਡਮੀ ਅਤੇ ਸਰਵ-ਸ੍ਰੇਸ਼ਟ ਸਾਹਿਤਕਾਰ ਐਵਾਰਡਾਂ ਸਹਿਤ ਕਈ ਇਨਾਮਾਂ-ਸਨਮਾਨਾਂ ਨਾਲ਼ ਸਨਮਾਨਿਆ ਗਿਆ ਸੀ। ਅਜੇ ਕੁਝ ਦਿਨ ਪਹਿਲਾਂ ਹੀ ਉਹਨਾਂ ਨੂੰ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਦੇਣ ਦਾ ਐਲਾਨ ਵੀ ਹੋਇਆ ਸੀ। ਉਹਨਾਂ ਦੇ ਸਪੁੱਤਰ ਕਰਾਂਤੀਪਾਲ ਜੀ ਦੀ ਇਕ ਨਜ਼ਮ ਅਜੇ ਕੱਲ੍ਹ ਹੀ ਆਰਸੀ ਤੇ ਪੋਸਟ ਕੀਤੀ ਗਈ ਸੀ।

ਅਸੀਂ ਅਣਖੀ ਸਾਹਿਬ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।

ਦੁੱਖ ਚ ਸ਼ਰੀਕ

ਸਮੂਹ ਆਰਸੀ ਪਰਿਵਾਰ

No comments: