Friday, February 27, 2009

ਆਰਸੀ ਤੇ ਨਵਾਂ ਕਾਲਮ 'ਗੁਸਤਾਖ਼ੀ ਮੁਆਫ਼' ਸ਼ੁਰੂ

ਦੋਸਤੋ! ਫਰਵਰੀ 25ਤੋਂ ਗੁਸਤਾਖ਼ੀ ਮੁਆਫ਼ ਕਾਲਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਕਾਲਮ ਦਾ ਮਕਸਦ ਮਜ਼ਾਹੀਆ ਕਾਵਿ-ਟੁਕੜੀਆਂ ਨਾਲ਼ ਤੁਹਾਡੇ ਚਿਹਰੇ ਤੇ ਮੁਸਕਰਾਹਟ ਲਿਆਉਂਣਾ ਹੈ। ਹਾਲਾਂਕਿ ਇਹਨਾਂ ਕਾਵਿ-ਟਕੜੀਆਂ ਚ ਵਿਅੰਗਮਈ ਰੂਪ ਚ ਤਨਜ਼ ਹੋਵੇਗੀ, ਪਰ ਅਦਬ ਨਾਲ਼ ।
----
ਇਸ ਕਾਲਮ ਦਾ ਵਿਸ਼ਾ ਵੀ ਸਾਹਿਤ ਨਾਲ਼ ਸਬੰਧਤ ਹੈ...ਜਿਵੇਂ ਤੁਹਾਡੇ ਨਾਲ ਕੋਈ ਅਜਿਹੀ ਗੱਲ ਵਾਪਰੀ ਹੋਵੇ ਕਿਸੇ ਵਿਅਕਤੀ ਵਿਸ਼ੇਸ਼ ਜਾਂ ਸੰਸਥਾ ਵੱਲੋਂ ਸਾਹਿਤ ਦੇ ਨਾਂ ਉੱਪਰ ਗੈਰ ਸਾਹਿਤਕ ਕੋਈ ਛਿਣ, ਜਿਸਨੇ ਤੁਹਾਡੇ ਮਨ ਨੂੰ ਠੇਸ ਪਹੁੰਚਾਈ ਹੋਵੇ, ਤੁਹਾਡਾ ਅੰਦਰ ਵਲੂੰਧਰਿਆ ਗਿਆ ਹੋਵੇ, ਤੁਹਾਨੂੰ ਲੱਗਾ ਹੋਵੇ ਕਿ ਸਾਹਿਤ ਅੰਦਰ ਅਜਿਹੀ ਸਿਆਸਤ ਕਿਉਂ? ਜਾਂ ਕੋਈ ਤੁਹਾਡੀ ਮਨ-ਪਸੰਦ ਕਿਤਾਬ ਮੰਗ ਕੇ ਲੈ ਗਿਆ..ਪਰ ਮੋੜੀ ਨਹੀਂ, ਜਾਂ ਤੁਸੀਂ ਕਿਸੇ ਨੂੰ ਨਜ਼ਮ ਜਾਂ ਗ਼ਜ਼ਲ ਸੁਣਾਈ ਤਾਂ ਖ਼ਿਆਲ ਜਾਂ ਮਿਸਰੇ ਚੋਰੀ ਹੋ ਗਏ, ਜਾਂ ਸਾਹਿਤ-ਸਭਾਵਾਂ ਚ ਲੇਖਕ ਸਾਹਿਬਾਨਾਂ ਨੂੰ ਗ਼ੈਰ-ਸਾਹਿਤਕ ਵਤੀਰੇ ਚ ਅਸੱਭਿਅਕ ਭਾਸ਼ਾ ਵਰਤਦੇ ਦੇਖਿਆ ਹੋਵੇ, ਜਾਂ ਕਿਸੇ ਨੂੰ ਆਪੇ ਸਨਮਾਨ-ਚਿੰਨ੍ਹ ਖਰੀਦ ਕੇ ਆਪਣਾ ਸਨਮਾਨ ਆਪ ਕਰਵਾਉਂਦੇ ਦੇਖਿਆ ਹੋਵੇ।
----
ਇੰਝ ਵੀ ਤਾਂ ਹੋ ਸਕਦੈ ਕਿ ਤੁਹਾਨੂੰ ਸੱਦੇ ਦੇ ਬਾਵਜੂਦ ਕਵੀ-ਦਰਬਾਰ ਚ ਕਵਿਤਾ ਪੜ੍ਹਨ ਦਾ ਮੌਕਾ ਨਾ ਦਿੱਤਾ ਗਿਆ ਹੋਵੇ, ਜਾਂ ਤੁਹਾਡੀ ਜੇਬ ਚ ਪੈਸੇ ਨਾ ਹੋਣ ਕਰਕੇ ਕਿਤਾਬ ਦਾ ਮੁੱਖ-ਬੰਦ ਲਿਖਣ ਜਾਂ ਰਿਵੀਊ ਕਰਨ ਤੋਂ ਨਾਂਹ ਕਰ ਦਿੱਤੀ ਹੋਵੇ, ਤੇ ਐਹੋ ਜਿਹੇ ਅਨੇਕਾਂ ਵਿਸ਼ਿਆਂ ਤੇ ਜਿਨ੍ਹਾਂ ਨੂੰ ਅੱਜ ਤੱਕ ਛੂਹਿਆ ਨਹੀਂ ਗਿਆ ਪਰ ਓਹ ਗੱਲਾਂ ਕਿਤੇ ਨਾ ਕਿਤੇ ਚਿੱਤ ਕੁਸੈਲ਼ਾ ਕੌੜਾ ਕਰਦੀਆਂ ਹੋਣ ਤਾਂ ਉਸਨੂੰ ਤੁਸੀਂ ਖੁੱਲ੍ਹੀ ਕਵਿਤਾ / ਤੁਕਬੰਦੀ / ਸ਼ਿਅਰਾਂ ਚ ਸਿਰਫ਼ ਪੰਜ-ਛੇ ਸਤਰਾਂ ਦੇ ਰੂਪ ਵਿੱਚ ਵਿਅੰਗਆਤਮਕ ਨਜ਼ਰੀਏ ਤੋਂ ਲਿਖ, ਲਫ਼ਜ਼ਾਂ ਤੇ ਮੁਹੱਬਤ ਦੀ ਚਾਸ਼ਣੀ ਚ ਘੋਲ਼ ਕੇ ਸਾਨੂੰ ਭੇਜ ਦਿਉ। ਤੁਹਾਡੇ ਇਹ ਵਿਚਾਰ ਸਾਡੇ ਇਸ ਕਾਲਮ ਨੂੰ ਤੁਰਦਾ ਰੱਖਣ ਵਿੱਚ ਸਹਾਈ ਹੋਣਗੇ ਅੱਜ ਕੁੱਝ ਕੁ ਖ਼ੂਬਸੂਰਤ ਉਦਾਹਰਣਾਂ ਇਸ ਕਾਲਮ ਦੇ ਤਹਿਤ ਪਾ ਦਿੱਤੀਆਂ ਗਈਆਂ ਹਨ । ਤੁਹਾਡੇ ਹੁਣ ਤੱਕ ਦਿੱਤੇ ਹਰ ਸਾਹਿਤਕ ਸਹਿਯੋਗ ਲਈ ਮੈਂ ਤੁਹਾਡੀ ਮਸ਼ਕੂਰ ਹਾਂ।

ਇਸ ਕਾਲਮ ਤੇ ਫੇਰੀ ਪਾਉਂਣ ਲਈ ਇਸ ਲਿੰਕ ਆਰਸੀ ਗੁਸਤਾਖ਼ੀ ਮੁਆਫ਼ ਤੇ ਕਲਿਕ ਕਰੋ ਜੀ।

ਅਦਬ ਸਹਿਤ

ਤਨਦੀਪ ਤਮੰਨਾ


No comments: