Tuesday, February 24, 2009

ਆਰਸੀ ਤੇ ਨਵੇਂ ਕਾਲਮਾਂ ਦੀ ਸ਼ੁਰੂਆਤ

ਆਰਸੀ ਨੂੰ ਪਿਆਰ ਕਰਨ ਵਾਲੇ ਬਹੁਤ ਹੀ ਪਿਆਰੇ ਪਾਠਕ, ਲੇਖਕ ਦੋਸਤੋ!

ਮੈਂ ਛੇਤੀ ਹੀ ਆਰਸੀ ਦੇ ਵਿਹੜੇ ਵਿੱਚ ਕੁੱਝ ਹੋਰ ਫੁੱਲ-ਪੱਤੀਆਂ ਕਾਲਮਾਂ ਦੇ ਰੂਪ ਵਿੱਚ ਵਿਛਾਉਂਣ ਦਾ ਫੈਸਲਾ ਕੀਤਾ ਹੈ, ਤਾਂ ਜੋ ਅਸੀਂ ਹੋਰ ਵੀ ਬਹੁਤ ਸਾਰੀਆਂ ਸਾਡੀਆਂ ਲਿਖੀਆਂ ਅਣਲਿਖੀਆਂ ਸੋਚਾਂ ਨੂੰ ਇੱਕ ਦੂਜੇ ਨਾਲ ਸਾਂਝੀਆਂ ਕਰਨ ਦੀ ਖ਼ੁਸ਼ੀ ਲੈ ਸਕੀਏ

----

ਇਹਨਾਂ ਵਿੱਚੋਂ ਇੱਕ ਕਾਲਮ ਦਾ ਨਾਂ ਹੋਵੇਗਾ ਪੰਜਵਾਂ ਵਰ੍ਹਾ ਇਸ ਵਰ੍ਹੇ ਤੱਕ ਪਹੁੰਚਦਿਆਂ ਤੁਸੀਂ ਕਿਹੜੇ ਕਿਹੜੇ ਅਖ਼ਬਾਰਾਂ, ਰਸਾਲਿਆਂ ਵਿੱਚ ਛਪੇ, ਤੁਹਾਡੀਆਂ ਕਿਹੜੀਆਂ ਰਚਨਾਵਾਂ ਨੂੰ ਭਰਵਾਂ ਪਿਆਰ ਮਿਲਿਆ, ਸਾਹਿਤ ਵਿੱਚ ਤੁਹਾਡਾ ਕਿੰਨਾ ਕੁ ਮੁਕਾਮ ਬਣਿਆ, ਕਿਹੜੀ ਰਚਨਾ ਨੇ ਤੁਹਾਡੀ ਪਹਿਚਾਣ ਵਿੱਚ ਵਾਧਾ ਕੀਤਾ, ਕਿਹੋ ਜਿਹੇ ਅਤੇ ਕਿਹੜੇ ਲੇਖਕ ਤੁਹਾਡੀ ਦੋਸਤੀ ਦੇ ਘੇਰੇ ਵਿੱਚ ਆਏ, ਕਿਹੜੇ ਕਿਹੜੇ ਲੇਖਕਾਂ ਦੀਆਂ ਕਿਹੜੀਆਂ ਲਿਖਤਾਂ ਨੇ ਤੁਹਾਡੇ ਮਨ ਉੱਪਰ ਸਾਰਥਕ ਮੋਹਰ ਲਾਈ, ਕਿਹੋ ਜਿਹੀ ਸਾਹਿਤਕ ਸਿਆਸਤ ਦੇ ਸ਼ਿਕਾਰ ਹੋਏ ਅਤੇ ਇਹੋ ਜਿਹੀਆਂ ਹੀ ਹੋਰ ਬਹੁਤ ਸਾਰੀਆਂ ਗੱਲਾਂ ਤੁਸੀਂ ਇਸ ਕਾਲਮ ਲਈ ਜੇਕਰ ਸਾਨੂੰ ਲਿਖਕੇ ਘੱਲੋਂ ਤਾਂ ਅਸੀਂ ਬੜੇ ਹੀ ਪਿਆਰ ਨਾਲ ਉਹਨਾਂ ਨੂੰ ਇਸ ਕਾਲਮ ਦਾ ਹਿੱਸਾ ਬਣਾਵਾਂਗੇ

----

ਸਾਡਾ ਦੂਜਾ ਕਾਲਮ ਹੋਵੇਗਾ ਗੁਸਤਾਖ਼ੀ ਮੁਆਫ਼ ਤੁਹਾਡੇ ਨਾਲ ਕੋਈ ਅਜਿਹੀ ਗੱਲ ਵਾਪਰੀ ਹੋਵੇ ਕਿਸੇ ਵਿਅਕਤੀ ਵਿਸ਼ੇਸ਼ ਜਾਂ ਸੰਸਥਾ ਵੱਲੋਂ ਸਾਹਿਤ ਦੇ ਨਾਂ ਉੱਪਰ ਗੈਰ ਸਾਹਿਤਕ ਕੋਈ ਛਿਣ, ਜਿਸਨੇ ਤੁਹਾਡੇ ਮਨ ਨੂੰ ਠੇਸ ਪਹੁੰਚਾਈ ਹੋਵੇ, ਤੁਹਾਡਾ ਅੰਦਰ ਵਲੂੰਧਰਿਆ ਗਿਆ ਹੋਵੇ, ਤੁਹਾਨੂੰ ਲੱਗਾ ਹੋਵੇ ਕਿ ਸਾਹਿਤ ਅੰਦਰ ਅਜਿਹੀ ਸਿਆਸਤ ਕਿਉਂ ? ਤਾਂ ਉਸਨੂੰ ਤੁਸੀਂ ਖੁੱਲ੍ਹੀ ਕਵਿਤਾ / ਤੁਕਬੰਦੀ ਦੇ ਰੂਪ ਵਿੱਚ ਸਿਰਫ਼ ਤਿੰਨ ਤੋਂ ਪੰਜ-ਛੇ ਸਤਰਾਂ ਦੇ ਰੂਪ ਵਿੱਚ ਵਿਅੰਗਆਤਮਕ ਨਜ਼ਰੀਏ ਤੋਂ ਲਿਖਕੇ ਸਾਨੂੰ ਭੇਜ ਦਿਉ ਤੁਹਾਡੇ ਇਹ ਵਿਚਾਰ ਸਾਡੇ ਇਸ ਕਾਲਮ ਨੂੰ ਤੁਰਦਾ ਰੱਖਣ ਵਿੱਚ ਸਹਾਈ ਹੋਣਗੇ ਕੱਲ੍ਹ ਤੱਕ ਕੁੱਝ ਕੁ ਉਦਾਹਰਣਾਂ ਇਸ ਕਾਲਮ ਦੇ ਤਹਿਤ ਪਾ ਦਿੱਤੀਆਂ ਜਾਣਗੀਆਂ ।

----

ਸਾਡਾ ਤੀਜਾ ਕਾਲਮ ਹੋਵੇਗਾ ਮਿੱਟੀ ਨੂੰ ਫਰੋਲ਼ ਜੋਗੀਆ ਇਸ ਕਾਲਮ ਲਈ ਆਰਸੀ ਤੁਹਾਨੂੰ ਆਪ ਪੰਜ ਸੁਆਲ ਭੇਜੇਗਾ, ਜਿਹਨਾਂ ਦੇ ਜੁਆਬ ਖੁੱਲ੍ਹਕੇ ਲਿਖਣ ਦੀ ਤੁਹਾਨੂੰ ਇਜ਼ਾਜ਼ਤ ਹੋਵੇਗੀ ਸ਼ਬਦ ਸੀਮਾ ਦੀ ਕੋਈ ਬੰਦਿਸ਼ ਨਹੀਂ ਤੁਹਾਡੇ ਲਈਇਹਨਾਂ ਪੁੱਛਾਂ ਦੇ ਉੱਤਰ ਦਿੰਦਿਆਂ ਤੁਸੀਂ ਸਕੂਨ ਵੀ ਮਹਿਸੂਸ ਕਰੋਗੇ ਅਤੇ ਆਪਣੇ ਅਹਿਸਾਸਾਂ ਦੇ ਨਿੱਘ ਦੀਆਂ ਪਰਤਾਂ ਵੀ ਫਰੋਲ਼ ਸਕੋਗੇ

ਸੋ ਸੂਝਵਾਨ ਲੇਖਕ ਪਾਠਕ ਦੋਸਤੋ ਆਪਣੇ ਆਪ ਨੂੰ ਤਿਆਰ ਕਰ ਲਓ, ਇਹਨਾਂ ਸਾਹਿਤਕ ਵਿਹੜਿਆਂ ਵਿੱਚ ਆਪੋ ਆਪਣੇ ਹਿੱਸੇ ਦੀ ਥਾਂ ਮੱਲਣ ਵਾਸਤੇਮੈਂ ਤਾਂ ਜ਼ਮੀਨ ਪੱਧਰ ਕਰਨੀ ਸੀ ਕਰ ਦਿੱਤੀ ਹੈ ਖੇਤੀ ਹੁਣ ਤੁਸੀਂ ਹੀ ਕਰਨੀ ਹੈ ਤੁਹਾਡੇ ਹੁਣ ਤੱਕ ਦਿੱਤੇ ਸਾਹਿਤਕ ਸਹਿਯੋਗ ਲਈ ਮੈਂ ਤੁਹਾਡੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ।

ਆਮੀਨ !

ਤਨਦੀਪ 'ਤਮੰਨਾ'


No comments: