Monday, April 19, 2010

‘ਕਨੇਡਾ ਦੇ ਗਦਰੀ ਯੋਧੇ’ ਨੂੰ ਯੂ.ਬੀ.ਸੀ. ਵੱਲੋਂ 2010 ਦਾ ਪੰਜਾਬੀ ਪੁਸਤਕ ਇਨਾਮ 24 ਅਪ੍ਰੈਲ 2010 ਨੂੰ – ਸੱਦਾ-ਪੱਤਰ

ਇਹ ਸੂਚਨਾ ਯੂ.ਬੀ.ਸੀ. ਤੋਂ ਸੁਖਵੰਤ ਹੁੰਦਲ ਜੀ ਦੁਆਰਾ ਭੇਜੀ ਗਈ ਹੈ।

ਕਨੇਡਾ ਦੇ ਗਦਰੀ ਯੋਧੇ ਨੂੰ ਯੂ.ਬੀ.ਸੀ. ਪੁਸਤਕ ਇਨਾਮ: ਯੂ.ਬੀ.ਸੀ. ਦੇ ਏਸ਼ੀਅਨ ਸਟੱਡੀਜ਼ ਵਿਭਾਗ ਵੱਲੋਂ 2010 ਦਾ ਪੰਜਾਬੀ ਪੁਸਤਕ ਇਨਾਮ ਕਨੇਡਾ ਦੇ ਗਦਰੀ ਯੋਧੇ ਨੂੰ ਦਿੱਤਾ ਜਾਵੇਗਾ। ਇਸ ਪੁਸਤਕ ਵਿੱਚ ਲੇਖਕ ਸੋਹਣ ਸਿੰਘ ਪੂੰਨੀ ਨੇ ਕਨੇਡਾ ਦੇ 41 ਪ੍ਰਮੱਖ ਗਦਰੀ ਯੋਧਿਆਂ ਵਲੋਂ ਹਿੰਦੁਸਤਾਨ ਦੀ ਅਜ਼ਾਦੀ ਵਿੱਚ ਪਾਏ ਯੋਗਦਾਨ ਦੀ ਕਹਾਣੀ ਨੂੰ ਦਰਜ ਕੀਤਾ ਹੈ। ਹਰਜੀਤ ਕੌਰ ਸਿੱਧੂ ਦੀ ਯਾਦ ਵਿੱਚ ਹਰ ਸਾਲ ਦਿੱਤੇ ਜਾਂਦੇ ਇਸ ਇਨਾਮ ਵਿੱਚ ਲੇਖਕ ਨੂੰ ਇਕ ਸਨਮਾਨ ਚਿੰਨ੍ਹ ਅਤੇ ਇਕ ਹਜ਼ਾਰ ਡਾਲਰ ਦੀ ਰਾਸ਼ੀ ਦਿੱਤੀ ਜਾਂਦੀ ਹੈ। ਸੋਹਣ ਸਿੰਘ ਪੂੰਨੀ ਦਾ ਜਨਮ 13 ਅਪ੍ਰੈਲ 1948 ਨੂੰ ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਬੰਗਿਆਂ ਨੇੜੇ ਪਿੰਡ ਜੀਂਦੋਵਾਲ ਚ ਹੋਇਆ। ਸਿੱਖ ਨੈਸ਼ਨਲ ਕਾਲਜ ਬੰਗਾ ਤੋਂ ਬੀ.ਏ. ਕਰਨ ਪਿੱਛੋਂ 1971 ਵਿੱਚ ਉਹਨਾਂ ਪੰਜਾਬ ਯੂਨੀਵਰਸਿਟੀ ਕੈਂਪਸ ਚੰਡੀਗੜ੍ਹ ਤੋਂ ਇਤਿਹਾਸ ਦੀ ਐੱਮ.ਏ. ਕੀਤੀ। ਡੇਢ ਸਾਲ ਬਟਾਲੇ ਬੇਰਿੰਗ ਕ੍ਰਿਸਚੀਅਨ ਕਾਲਜ ਵਿੱਚ ਪੜ੍ਹਾਉਣ ਪਿੱਛੋਂ1972 ਦੇ ਅਖੀਰ ਤੇ ਉਹ ਕਨੇਡਾ ਆ ਗਏ। ਕਨੇਡਾ ਦੇ ਗਦਰੀ ਯੋਧਿਆਂ ਬਾਰੇ ਬਹੁਤ ਮਿਹਨਤ ਨਾਲ ਲਿਖੀ ਗਈ ਉਹਨਾਂ ਦੀ ਇਹ ਪੁਸਤਕ ਸੰਨ 2009 ਵਿੱਚ ਛਪੀ ਸੀ।

-----

ਨਵੰਬਰ 2009 ਨੂੰ ਵਿੱਚ ਯੂ.ਬੀ.ਸੀ. ਦੇ ਏਸ਼ੀਅਨ ਸਟੱਡੀਜ਼ ਵਿਭਾਗ ਨੇ ਬੀ.ਸੀ. ਦੇ ਪੰਜਾਬੀ ਲੇਖਕਾਂ ਨੂੰ ਸੂਚਿਤ ਕੀਤਾ ਸੀ ਕਿ ਉਹ ਪਿਛਲੇ ਤਿੰਨਾਂ ਸਾਲਾਂ ਦੌਰਾਨ ਛਪੀਆਂ ਆਪਣੀਆਂ ਕਿਤਾਬਾਂ ਭੇਜ ਕੇ ਇਸ ਸਾਲ ਦਿੱਤੇ ਜਾ ਰਹੇ ਇਸ ਇਨਾਮ ਲਈ ਆਪਣਾ ਨਾਂ ਦਰਜ ਕਰਵਾ ਸਕਦੇ ਹਨ। ਇਸ ਸੂਚਨਾ ਦੇ ਹੁੰਗਾਰੇ ਵਿੱਚ ਯੂ.ਬੀ.ਸੀ. ਕੋਲ 18 ਕਿਤਾਬਾਂ ਪਹੁੰਚੀਆਂ ਸਨ। ਬੀ. ਸੀ. ਦੇ ਪੰਜਾਬੀ ਲੇਖਕਾਂ ਦੀ ਇਕ ਪੰਜ ਮੈਂਬਰੀ ਕਮੇਟੀ ਨੇ ਇਹਨਾਂ ਕਿਤਾਬਾਂ ਵਿੱਚੋਂ ਕਨੇਡਾ ਦੇ ਗਦਰੀ ਯੋਧੇ ਨੂੰ ਇਸ ਸਾਲ ਦਾ ਇਨਾਮ ਦੇਣ ਲਈ ਚੁਣਿਆ ਹੈ।

-----

ਕਨੇਡਾ ਦੇ ਗਦਰੀ ਯੋਧੇ ਦੇ ਲੇਖਕ ਨੂੰ ਇਹ ਇਨਾਮ 24 ਅਪ੍ਰੈਲ 2010 ਨੂੰ ਯੂ.ਬੀ.ਸੀ. ਵਿੱਚ ਹੋਣ ਜਾ ਰਹੇ ਪੰਜਾਬੀ ਬੋਲੀ ਦੇ ਜਸ਼ਨ ਦੌਰਾਨ ਦਿੱਤਾ ਜਾਵੇਗਾ। ਪੰਜਾਬੀ ਬੋਲੀ ਦੇ ਜਸ਼ਨ ਸੰਬੰਧੀ ਇਹ ਸਮਾਗਮ ਏਸ਼ੀਅਨ ਸਟੱਡੀਜ਼ ਵਿਭਾਗ ਦੇ ਆਡੀਟੋਰੀਆਮ ਵਿਖੇ ਦੁਪਹਿਰ ਦੇ 2:00 ਵਜੇ ਤੋਂ ਲੈ ਕੇ 5:30 ਵਜੇ ਵਿਚਕਾਰ ਹੋਵੇਗਾ. ਕਨੇਡਾ ਦੇ ਗਦਰੀ ਯੋਧੇਦੇ ਲੇਖਕ ਨੂੰ ਇਨਾਮ ਦੇਣ ਤੋਂ ਇਲਾਵਾ ਇਸ ਸਮਾਗਮ ਵਿੱਚ ਅਮਰੀਕਾ (ਯੂਨੀਵਰਸਿਟੀ ਆਫ ਮਿਸ਼ੀਗਨ) ਤੋਂ ਇਕ ਵਿਦਵਾਨ ਫਰੀਨਾ ਮੀਰ ਪੰਜਾਬੀ ਬੋਲੀ ਅਤੇ ਸਾਹਿਤ ਬਾਰੇ ਭਾਸ਼ਣ ਦੇਵੇਗੀ, ਪੰਜਾਬੀ ਲੇਖ ਮੁਕਾਬਲਿਆਂ ਵਿੱਚ ਪਹਿਲੇ ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤਾ ਜਾਵੇਗਾ ਅਤੇ ਯੂ.ਬੀ.ਸੀ. ਵਿੱਚ ਪੰਜਾਬੀ ਪੜ੍ਹ ਰਹੇ ਵਿਦਿਆਰਥੀ ਆਪਣੇ ਸਕਿੱਟ ਪੇਸ਼ ਕਰਨਗੇ। ਪੰਜਾਬੀ ਬੋਲੀ, ਸਾਹਿਤ ਅਤੇ ਸਭਿਆਚਾਰ ਨਾਲ ਮੋਹ ਰੱਖਣ ਵਾਲੇ ਸਾਰੇ ਲੋਕਾਂ ਨੂੰ ਇਸ ਸਮਾਗਮ ਵਿੱਚ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਤੁਸੀਂ ਸੁਖਵੰਤ ਹੁੰਦਲ ਨੂੰ 604-644-2470 ਤੇ ਫੋਨ ਕਰ ਸਕਦੇ ਹੋ।


No comments: