24, 25, 26 ਜੁਲਾਈ, 2009 ਨੂੰ ਹੋ ਰਹੀ ‘ਵਿਸ਼ਵ ਪੰਜਾਬੀ ਕਾਨਫਰੰਸ 2009 ਟੋਰਾਂਟੋ’ ਨੂੰ ਲੈ ਕੇ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ ਓਨਟਾਰੀਓ ਵਿੱਚ ਰਹਿ ਰਹੇ ਕੈਨੇਡੀਅਨ ਪੰਜਾਬੀ ਲੇਖਕਾਂ, ਪੰਜਾਬੀ ਮੀਡੀਆ ਨਾਲ ਸਬੰਧਤ ਲੋਕਾਂ, ਰਾਜਨੀਤੀਵਾਨਾਂ ਅਤੇ ਸਭਿਆਚਾਰਕ ਕਾਮਿਆਂ ਦੀਆਂ ਅਨੇਕਾਂ ਕਿਸਮ ਦੀਆਂ ਧੜੇਬੰਦੀਆਂ ਬਣ ਰਹੀਆਂ ਹਨ; ਜੋ ਕਿ ਬੜੀ ਅਫ਼ਸੋਸਨਾਕ ਗੱਲ ਹੈ।
----
ਇੱਕ ਜ਼ਿੰਮੇਵਾਰ ਕੈਨੇਡੀਅਨ ਪੰਜਾਬੀ ਸਾਹਿਤਕਾਰ, ਮੀਡੀਆ ਨਾਲ ਸਬੰਧਤ ਵਿਅਕਤੀ ਅਤੇ ਤਰੱਕੀ-ਪਸੰਦ ਕਦਰਾਂ-ਕੀਮਤਾਂ ਦਾ ਹਿਮਾਇਤੀ ਹੋਣ ਕਰਕੇ ਮੈਂ ਇਹ ਗੱਲ ਸਪੱਸ਼ਟ ਕਰ ਦੇਣੀ ਜ਼ਰੂਰੀ ਸਮਝਦਾ ਹਾਂ ਕਿ ਮੈਂ ਕਿਸੇ ਕਿਸਮ ਦੀ ਵੀ ਧੜੇਬੰਦੀ ਵਿੱਚ ਵਿਸ਼ਵਾਸ ਨਹੀਂ ਰੱਖਦਾ। ਮੈਂ ਨਾ ਤਾਂ ਕਿਸੀ ਕਿਸਮ ਦੇ ਵੀ ਧਰਮ ਦੇ ਨਾਂ ਉੱਤੇ ਨਫ਼ਰਤ ਫੈਲਾਉਣ ਵਾਲੇ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਦੇ ਹਿਮਾਇਤੀ ਕੈਨੇਡੀਅਨ ਪੰਜਾਬੀ ਲੇਖਕਾਂ ਦੇ ਕਿਸੇ ਧੜੇ ਦਾ ਹਿਮਾਇਤੀ ਹਾਂ ਅਤੇ ਨਾ ਹੀ ਕਿਸੀ ਠੱਗ ਬਾਬਿਆਂ, ਜੰਤਰ-ਮੰਤਰ, ਟੂਣੇ ਕਰਨ ਵਾਲਿਆਂ ਦੇ ਹਿਮਾਇਤੀ ਕੈਨੇਡੀਅਨ ਪੰਜਾਬੀ ਲੇਖਕਾਂ ਨਾਲ ਸਬੰਧਤ ਕਿਸੀ ਧੜੇ ਦਾ ਹੀ ਹਿਮਾਇਤੀ ਹਾਂ।
----
ਮੈਂ ‘ਵਿਸ਼ਵ ਪੰਜਾਬੀ ਕਾਨਫਰੰਸ 2009 ਟੋਰਾਂਟੋ’ ਨਾਲ ਸਬੰਧਤ ਕਿਸੀ ਕਿਸਮ ਦੀ ਵੀ ਪ੍ਰਬੰਧਕੀ ਕਮੇਟੀ, ਫੰਡ ਰੇਜ਼ਿੰਗ ਕਮੇਟੀ ਜਾਂ ਲੇਖਕ ਪਬਲਿਕ ਰਿਲੇਸ਼ਨਜ਼ ਕਮੇਟੀ ਦਾ ਮੈਂਬਰ ਨਹੀਂ ਹਾਂ। ਜੁਲਾਈ 2009 ਮਹੀਨੇ ਵਿੱਚ ‘ਸੰਵਾਦ’ ਮੈਗਜ਼ੀਨ ਵੱਲੋਂ ਪ੍ਰਕਾਸ਼ਤ ਕੀਤੇ ਜਾ ਰਹੇ ਵਿਸ਼ੇਸ਼ ਅੰਕ: ‘ਕੈਨੇਡਾ ਮੇਰਾ ਦੇਸ਼’ ਨਾਲ ਸਬੰਧਤ ਰੁਝੇਵਿਆਂ ਕਾਰਨ ਮੈਂ ‘ਵਿਸ਼ਵ ਪੰਜਾਬੀ ਕਾਨਫਰੰਸ 2009 ਟੋਰਾਂਟੋ’ ਵਿੱਚ, ਮਹਿਜ਼, ਇੱਕ ਸਾਧਾਰਨ ਕੈਨੇਡੀਅਨ ਪੰਜਾਬੀ ਲੇਖਕ ਦੇ ਤੌਰ ਉੱਤੇ ਹੀ ਹਿੱਸਾ ਲਵਾਂਗਾ।
----
ਪੰਜਾਬੀ ਬੋਲੀ, ਪੰਜਾਬੀ ਸਾਹਿਤ ਅਤੇ ਸਭਿਆਚਾਰ ਦੇ ਪਾਸਾਰ ਲਈ ਹੋ ਰਹੀ ਇਸ ਵਿਸ਼ਵ ਪੰਜਾਬੀ ਕਾਨਫਰੰਸ ਦਾ ਮੈਂ ਪੂਰੀ ਤਰ੍ਹਾਂ ਸਮਰਥਨ ਕਰਦਾ ਹਾਂ। ਇਸ ਕਾਨਫਰੰਸ ਵਿੱਚ ਮੈਂ ‘ਕੈਨੇਡੀਅਨ ਪੰਜਾਬੀ ਕਵਿਤਾ: ਸੰਵਾਦ ਦੀਆਂ ਸਮੱਸਿਆਵਾਂ’ ਵਿਸ਼ੇ ਉੱਤੇ ਆਪਣਾ ਬਹਿਸ-ਪੱਤਰ ਪੇਸ਼ ਕਰਾਂਗਾ। ‘ਵਿਸ਼ਵ ਪੰਜਾਬੀ ਕਾਨਫਰੰਸ 2009 ਟੋਰਾਂਟੋ’ ਵਿੱਚ ਸ਼ਾਮਿਲ ਹੋਣ ਦੇ ਚਾਹਵਾਨ ਪੰਜਾਬੀ ਲੇਖਕ ਇਸ ਵਿਸ਼ਵ ਪੰਜਾਬੀ ਕਾਨਫਰੰਸ ਨਾਲ ਸਬੰਧਤ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਕਾਨਫਰੰਸ ਦੇ ਪ੍ਰਬੰਧਕਾਂ ਨਾਲ ਸਿੱਧਾ ਸਬੰਧ ਪੈਦਾ ਕਰਨ। ਜੇਕਰ ਕਿਸੀ ਪੰਜਾਬੀ ਲੇਖਕ ਨੂੰ ‘ਸੰਵਾਦ’ ਦੇ ਵਿਸ਼ੇਸ਼ ਅੰਕ ‘ਕੈਨੇਡਾ ਮੇਰਾ ਦੇਸ਼’ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਉਹ ਮੈਨੂੰ ਖ਼ਤ ਲਿਖ ਸਕਦਾ ਹੈ ਜਾਂ ਫੋਨ ਕਰ ਸਕਦਾ ਹੈ।
ਸੁਖਿੰਦਰ
ਸੰਪਾਦਕ: ਸੰਵਾਦ
Tel. (416) 858-7077
Email: poet_sukhinder@hotmail.com
www.canadianpunjabiliterature.blogspot.com
No comments:
Post a Comment