Wednesday, February 4, 2009

ਤੁਹਾਡੇ ਧਿਆਨ ਹਿੱਤ

ਪੋਸਟ: ਦਸੰਬਰ 25, 2008

ਸਤਿਕਾਰਤ ਲੇਖਕ ਸਾਹਿਬਾਨ! ਤੁਹਾਡੇ ਹੁਣ ਤੱਕ ਦਿੱਤੇ ਸਾਹਿਤਕ ਸਹਿਯੋਗ ਲਈ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਤੇ ਬੇਅੰਤ ਮੋਹ ਦੀ ਕਰਜ਼ਦਾਰ ਹਾਂ। ਦੋ ਕੁ ਮਹੀਨਿਆਂ ਦਾ ਸਾਹਿਤਕ ਸਫ਼ਰ, ਤੁਹਾਡੇ ਸਹਿਯੋਗ ਸਦਕਾ ਹੀ ਏਨਾ ਯਾਦਗਾਰ ਹੋ ਨਿੱਬੜਿਆ ਹੈ। ਮੈਂ ਰੋਜ਼ਾਨਾ 12-15 ਘੰਟੇ ਲਗਾਤਾਰ ਇਸ ਬਲੌਗ ਤੇ ਕੰਮ ਕਰ ਰਹੀ ਹਾਂ, ਤਾਂ ਕਿ ਸੋਹਣੀਆਂ ਸਾਹਿਤਕ ਲਿਖਤਾਂ ਨਾਲ਼ ਇਸ ਬਲੌਗ ਨੂੰ ਸ਼ਿੰਗਾਰਿਆ ਜਾ ਸਕੇ।

ਹੁਣ ਅਰਜ਼ ਇਹ ਹੈ ਕਿ ਹੁਣ ਤੋਂ ਤੁਹਾਡੀ ਭੇਜੀ ਸਾਹਿਤਕ ਜਾਣ-ਪਛਾਣ ਸਿਰਫ਼ ਪੰਜਾਬੀ ਚ ਟਾਈਪ ਕੀਤੀ ਹੋਈ ਅਤੇ ਇਸ ਤਰਤੀਬ ਵਿਚ ਲਿਖੀ ਹੀ ਬਲੌਗ ਤੇ ਲਾਈ ਜਾ ਸਕਿਆ ਕਰੇਗੀ:

-----

ਸਾਹਿਤਕ ਨਾਮ:

ਜਨਮ ਤੇ ਮੌਜੂਦਾ ਨਿਵਾਸ : ( ਜੇ ਤੁਸੀਂ ਦੱਸਣਾ ਚਾਹੋ )

ਵਿੱਦਿਆ: ਸੰਖੇਪ ਵਿੱਚ

ਮੌਜੂਦਾ ਕਿੱਤਾ: ( ਜੇ ਤੁਸੀਂ ਦੱਸਣਾ ਚਾਹੋ )

ਪ੍ਰਕਾਸ਼ਿਤ ਪੁਸਤਕਾਂ: ਕਹਾਣੀ, ਨਾਵਲ, ਨਾਟਕ, ਕਵਿਤਾਵਾਂ, ਅਨੁਵਾਦ ਆਦਿ

ਇਨਾਮ-ਸਨਮਾਨ: ਸੰਖੇਪ ਵਿੱਚ

-------

ਇਸ ਦਾ ਕਾਰਣ ਇਹ ਹੈ ਕਿ ਤੁਹਾਡੀ ਭੇਜੀ ਵਿਸਤਾਰਤ ਜਾਣਕਾਰੀ ਪੜ੍ਹਨਾ ਮੇਰੇ ਬੜੀ ਮਾਣ ਵਾਲ਼ੀ ਗੱਲ ਹੈ,ਪਰ ਉਸਨੂੰ ਸੰਖੇਪ ਕਰਨ ਤੇ ਫੇਰ ਟਾਈਪ ਕਰਨ ਚ ਮੇਰਾ ਬਹੁਤ ਵਕਤ ਲੱਗ ਜਾਂਦਾ ਹੈ। ਇਹੀ ਵਕਤ ਸਾਨੂੰ ਵਧੀਆ ਸਾਹਿਤ ਨੂੰ ਪਾਠਕਾਂ ਤੇ ਦੋਸਤਾਂ ਦੀ ਨਜ਼ਰ ਕਰਨ ਚ ਲਾਉਂਣਾ ਚਾਹੀਦਾ ਹੈ। ਆਰਸੀ ਲਈ ਆਉਂਦੀਆਂ ਈਮੇਲਾਂ ਦੀ ਤਾਦਾਦ ਵੀ ਬਹੁਤ ਜ਼ਿਆਦਾ ਹੈ, ਸੋ ਤੁਹਾਡੇ ਮੁਹੱਬਤ ਭਰੇ ਸੁਨੇਹਿਆਂ ਦਾ ਜਵਾਬ ਵੀ ਵਕਤ ਤੇ ਦੇ ਸਕਾਂ, ਇਸ ਲਈ ਬਹੁਤ ਜ਼ਰੂਰੀ ਹੈ ਕਿ ਰਚਨਾਵਾਂ ਭੇਜਣ ਤੋਂ ਪਹਿਲਾਂ ਟਾਈਪਿੰਗ ਦੀਆਂ ਗਲਤੀਆਂ ਪੜ੍ਹ ਕੇ ਸੁਧਾਰ ਲਈਆਂ ਜਾਣ।

ਟਾਈਪਿੰਗ ਚ ਆਪਾਂ ਸਭ ਗਲਤੀਆਂ ਕਰਦੇ ਹਾਂ। ਪਰ.... ਖ਼ਾਸ ਤੌਰ ਤੇ ਵਾਰਤਕ, ਲੇਖਾਂ ਤੇ ਕਹਾਣੀਆਂ ਚ ਕੁਰੈਕਸ਼ਨ ਕਰਨੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ...ਹਾਲ ਹੀ ਵਿਚ ਆਈਆਂ ਕਹਾਣੀਆਂ ਅਤੇ ਵਾਰਤਕ ਡੰਡੀ । ਦੀ ਜਗ੍ਹਾ ਅੰਗਰੇਜ਼ੀ ਵਾਲ਼ਾ ਫੁੱਲ ਸਟੌਪ ਪਾਇਆ ਦੇਖਿਆ ਹੈ... ਸੋ ਏਨੀਆਂ ਵੱਡੀਆਂ ਰਚਨਾਵਾਂ ਦੇ ਵਾਕਾਂ ਦੇ ਅੰਤ ਚ ਡੰਡੀ ਲਾਉਂਣ ਦਾ ਕੰਮ ਵੀ ਬਹੁਤ ਵੱਧ ਜਾਂਦਾ ਹੈ। ਜਾਂ ਫਿਰ ਅੱਧਕ ਗਾਇਬ ਹੈ ਤੇ ਜਾਂ ਫਿਰ ਜਿੱਥੇ ਜ਼ਰੂਰਤ ਹੈ, ਓਥੋਂ (ਸ਼), (ਗ਼), (ਜ਼), (ਫ਼), (ਖ਼), (ਲ਼) ਦੇ ਪੈਰ ਚੋਂ ਬਿੰਦੀ ਗਾਇਬ ਹੈ। PDF ਫਾਈਲਾਂ ਚੋਂ ਮੈਟਰ ਬਲੌਗ ਤੇ ਨਹੀਂ ਲੱਗ ਸਕਦਾ, ਸੋ ਰਚਨਾਵਾਂ ਸਿਰਫ਼ Word ‘ਚ ਤੇ ਫੋਟੋਆਂ ਅਟੈਚਮੈਂਟ ਚ ਹੀ ਭੇਜੀਆਂ ਜਾਣ।

ਥੋੜ੍ਹਾ ਜਿਹਾ ਧਿਆਨ ਦੇ ਕੇ ਆਪਾਂ ਬਹੁਤ ਵਕਤ ਬਚਾ ਕੇ ਕਿਸੇ ਹੋਰ ਉਸਾਰੂ ਪਾਸੇ ਲਗਾ ਸਕਦੇ ਹਾਂ। ਮੈਂ ਖ਼ੁਦ ਵੀ ਦੋ ਕੁ ਕਿਤਾਬਾਂ ਤੇ ਕੰਮ ਕਰ ਰਹੀ ਹਾਂ ਤੇ ਕੁੱਝ ਕੁ ਕਿਤਾਬਾਂ ਤੇ ਲੇਖ ਵੀ ਲਿਖ ਰਹੀ ਹਾਂ। ਆਸ ਕਰਦੀ ਹਾਂ ਕਿ ਆਪਾਂ ਸਾਰੇ ਇਸ ਤਰਫ਼ ਧਿਆਨ ਦੇਵਾਂਗੇ ਅਤੇ ਆਰਸੀ ਨੂੰ ਹੋਰ ਖ਼ੂਬਸੂਰਤ ਬਣਾਉਂਣ ਵੱਲ ਰਲ਼ ਕੇ ਉੱਦਮ ਕਰਾਂਗੇ...ਆਮੀਨ!

ਚੰਨ, ਤਾਰੇ ਤੇ ਫ਼ਿਜ਼ਾ ਦੀ ਦੋਸਤੀ।

ਨਾਲ਼ ਮਹਿਕਾਂ ਦੇ ਹਵਾ ਦੀ ਦੋਸਤੀ।

ਅੱਖਰਾਂ ਤੋਂ ਸ਼ਬਦ ਉਪਜੇ ਨੇ ਤਦੇ,

ਅੱਖਰਾਂ ਦੀ ਹੈ ਬਲਾ ਦੀ ਦੋਸਤੀ ।

ਬਹੁਤ-ਬਹੁਤ ਸ਼ੁਕਰੀਆ!

ਅਦਬ ਸਹਿਤ

ਤਨਦੀਪ ਤਮੰਨਾ

No comments: