Saturday, March 12, 2011

ਕੈਨੇਡੀਅਨ ਯੂਨੀਵਰਸਿਟੀ ਵਲੋਂ ਪੰਜਾਬੀ ਲੇਖਕ ਰਵਿੰਦਰ ਰਵੀ ਨੂੰ ਪੁਰਸਕਾਰ - ਪ੍ਰੈਸ-ਰਿਲੀਜ਼ - ਸੂਚਨਾ

ਕੈਨੇਡਾ ਨਿਵਾਸੀ ਪ੍ਰਸਿੱਧ ਪੰਜਾਬੀ ਲੇਖਕ ਤੇ ਇਆਪਾ (I.A.P.A.A.) ਦੇ ਪ੍ਰਧਾਨ ਰਵਿੰਦਰ ਰਵੀ ਨੂੰ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ (UBC), ਵੈਨਕੂਵਰ, ਕੈਨੇਡਾ, ਨੇ ਜੀਵਨ-ਕਾਲ ਪ੍ਰਾਪਤੀ ਪੁਰਸਕਾਰ”(Life Time Achievement Award) ਨਾਲ਼ ਸਨਮਾਨਿਤ ਕਰਨ ਦੀ ਘੋਸ਼ਨਾ ਕੀਤੀ ਹੈ। ਇਸ ਪੁਰਸਕਾਰ ਵਿਚ ਸਨਮਾਨ-ਚਿੰਨ੍ਹ ਦੇ ਨਾਲ ਇਕ ਹਜ਼ਾਰ(1000) ਡਾਲਰ ਦੀ ਨਕਦ ਰਾਸ਼ੀ ਵੀ ਸ਼ਾਮਿਲ ਹੈ। ਇਹ ਪੁਰਸਕਾਰ, ਰਵਿੰਦਰ ਰਵੀ ਨੂੰ, 2 ਅਪ੍ਰੈਲ, 2011 ਨੂੰ, ਯੂ.ਬੀ.ਸੀ. ਦੇ ਏਸ਼ੀਅਂਨ ਸੈਂਟਰ ਵਿਚ ਆਯੋਜਿਤ, “ਸੈਲੀਬਰੇਸ਼ਨ ਆਫ ਪੰਜਾਬੀਭਾਵ ਪੰਜਾਬੀ ਦਾ ਜਸ਼ਨਸਮਾਗਮ ਵਿਚ, ਭੇਟ ਕਰ ਕੇ, ਸਨਮਾਨਿਤ ਕੀਤਾ ਜਾਵੇਗਾ।

-----

ਇਸ ਯੂਨੀਵਰਸਿਟੀ ਵਿਚ ਪੰਜਾਬੀ ਦੀ ਆਪਣੀ ਚੇਅਰ ਤੇ ਵਿਭਾਗ ਹੈ ਅਤੇ ਵਿਦਿਆਰਥੀਆਂ ਨੂੰ ਏਥੇ ਪੰਜਾਬੀ, ਇਕ ਵਿਸ਼ੇ ਦੇ ਤੌਰ ਤੇ, ਪੜ੍ਹਾਈ ਜਾਂਦੀ ਹੈ। ਯੂ.ਬੀ.ਸੀ. ਦੀ ਏਸ਼ੀਅਨ ਲਾਇਬਰੇਰੀ ਵਿਚ ਰਵਿੰਦਰ ਰਵੀ ਦੀਆਂ ਪੁਸਤਕਾਂ ਤੇ ਉਨ੍ਹਾਂ ਉੱਤੇ ਲਿਖੀਆਂ ਹੋਈਆਂ ਪੁਸਤਕਾਂ ਦਾ ਮੁਕੰਮਲ ਸੈੱਟ ਮੌਜੂਦ ਹੈ।

-----

ਰਵਿੰਦਰ ਰਵੀ ਨੂੰ ਇਹ ਪੁਰਸਕਾਰ ਉਸ ਦੀ ਸਮੁੱਚੀ ਸਾਹਿਤਕ ਦੇਣ ਵਾਸਤੇ ਦਿੱਤਾ ਜਾ ਰਿਹਾ ਹੈ। ਰਵੀ ਨੇ ਹੁਣ ਤਕ 18 ਕਾਵਿ-ਸੰਗ੍ਰਹਿ, 12 ਕਾਵਿ-ਨਾਟਕ, 9 ਕਹਾਣੀ-ਸੰਗ੍ਰਹਿ, 1 ਸਫਰਨਾਮਾ ਅਤੇ 2 ਸਾਹਿਤਕ ਸਵੈਜੀਵਨੀਆਂ ਤੋਂ ਬਿਨਾਂ ਆਲੋਚਨਾ, ਵਾਰਤਕ ਤੇ ਸੰਪਾਦਨ ਦੇ ਖੇਤਰ ਵਿਚ ਦਰਜਨ ਕੁ ਹੋਰ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਹਨ। ਉਸ ਦੀਆਂ ਪੁਸਤਕਾਂ, ਅੰਗ੍ਰਜ਼ੀ ਤੇ ਹਿੰਦੀ ਤੋਂ ਬਿਨਾਂ, ਪਾਕਿਸਤਾਨ ਵਿਚ, ਸ਼ਾਹਮੁਖੀ ਲਿੱਪੀ ਵਿਚ ਵੀ ਛਪ ਚੱਕੀਆਂ ਹਨ। ਭਾਰਤ ਵਿਚ ਜਿੱਥੇ ਉਸਦੀਆਂ ਪੁਸਤਕਾਂ ਵਿਸ਼ਵ-ਵਿਦਿਆਲਿਆਂ ਵਿਚ ਗਰੈਜੂਏਟ ਤੇ ਪੋਸਟ-ਗਰੈਜੂਏਟ ਪੱਧਰ ਉੱਤੇ ਕੋਰਸਾਂ ਵਿਚ ਲੱਗੀਆਂ ਰਹੀਆਂ ਹਨ, ਉੱਥੇ ਹੁਣ ਤਕ ਉਸ ਦੇ ਸਾਹਿਤ ਉੱਤੇ 3 ਪੀ.ਐਚ.ਡੀ. ਅਤੇ 7 ਐਮ.ਫਿਲ. ਦੀਆਂ ਡਿਗਰੀਆਂ ਵੀ ਮਿਲ ਚੁੱਕੀਆਂ ਹਨ।

------

ਪਾਕਿਸਤਾਨ ਤੋਂ ਬਾਹਰ ਵੱਸਦਾ ਉਹ ਇੱਕੋ ਇਕ ਗ਼ੈਰ-ਪਾਕਿਸਤਾਨੀ ਪੰਜਾਬੀ ਲੇਖਕ ਹੈ, ਜਿਸਦੀਆਂ ਪੁਸਤਕਾਂ ਕਾਇਦ-ਏ-ਆਜ਼ਮ ਯੂਨੀਵਰਸਿਟੀ, ਇਸਲਾਮਾਬਾਦ, ਦੇ ਐਮ.ਏ. ਦੇ ਪਾਠਕਰਮ ਦਾ ਹਿੱਸਾ ਸਨ। ਪੰਜਾਬ ਯੂਨੀਵਰਸਿਟੀ, ਲਾਹੌਰ ਵਿਚ, ਉਸਦੇ ਨਾਟਕਾਂ ਉੱਤੇ ਪੀ.ਐਚ.ਡੀ. ਪੱਧਰ ਦਾ ਖੋਜ-ਕਾਰਜ ਵੀ ਹੋ ਚੁੱਕਾ ਹੈ।

-----

ਕੇਂਦਰੀ ਪੰਜਾਬੀ ਲੇਖਕ ਸਭਾ ( ਉੱਤਰੀ ਅਮਰੀਕਾ ) ਵੀ 26 ਮਾਰਚ, 2011 ਨੂੰ, ਸਰੀ, ਬੀ.ਸੀ., ਕੈਨੇਡਾ ਵਿਖੇ ਹੋ

ਰਹੇ ਆਪਣੇ ਸਾਲਾਨਾ ਸਮਾਗਮ ਵਿਚ, ਰਵਿੰਦਰ ਰਵੀ ਨੂੰ ਜੀਵਨ-ਕਾਲ ਪ੍ਰਾਪਤੀ ਪੁਰਸਕਾਰਨਾਲ ਸਨਮਾਨਿਤ ਕਰ ਰਹੀ ਹੈ। ਯਾਦ ਰਹੇ ਕਿ ਰਵਿੰਦਰ ਰਵੀ 60ਵਿਆਂ ਦੌਰਾਨ ਭਾਰਤ ਵਿਚ ਚੱਲੀ ਪ੍ਰਯੋਗਸ਼ੀਲ ਲਹਿਰ ਦੇ ਮੋਢੀਆਂ ਵਿੱਚੋਂ ਸਿਰਮੌਰ ਹੈ। ਉਹ ਪਹਿਲਾ ਪਰਵਾਸੀ ਲੇਖਕ ਹੈ, ਜਿਸ ਨੂੰ ਭਾਸ਼ਾ ਵਿਭਾਗ ਪੰਜਾਬ ਤੇ ਪੰਜਾਬ ਆਰਟਸ ਕੌਂਸਲ ਨੇ, ਆਪਣੇ ਪ੍ਰਥਮ ਸ਼੍ਰੋਮਣੀ ਸਾਹਿਤਕਾਰ ( ਬਦੇਸ਼ੀ) ਪੁਰਸਕਾਰਾਂ ਨਾਲ, 1980 ਵਿਚ, ਸਨਮਾਨਿਆ ਸੀ। ਉਸ ਨੂੰ ਬ੍ਰਹਿਮੰਡਕ ਚੇਤਨਾ ਵਾਲੇ ਅਘਰਵਾਸੀ ਸਾਹਿਤਕਾਰ ਦੇ ਤੌਰ ਤੇ ਜਾਣਿਆ ਜਾਂਦਾ ਹੈ।

ਸੂਚਨਾ ਜਾਰੀ ਕਰਤਾ:

ਮਨਜੀਤ ਮੀਤ,

ਡਾਇਰੈਕਟਰ, ਲੋਕ ਸੰਪਰਕ, ਇਆਪਾ, ਕੈਨੇਡਾ

******

ਆਰਸੀ ਪਰਿਵਾਰ ਵੱਲੋਂ ਰਵੀ ਸਾਹਿਬ ਨੂੰ ਇਹ ਦੋਵੇਂ ਐਵਾਰਡ ਮਿਲ਼ਣ ਤੇ ਦਿਲੀ ਸ਼ੁੱਭ ਕਾਮਨਾਵਾਂ।


No comments: