ਪੰਜਾਬ ਦੇ ਪਿੰਡਾਂ ਦੀ ਧਰਾਤਲ ਨਾਲ ਜੇਕਰ ਕਿਸੇ, ਕਿੱਸੇ ਨੇ ਪਹਿਚਾਣ ਬਣਾਈ ਹੈ ਤਾਂ ਉਹ ਹੈ, ਹੀਰ ਵਾਰਿਸ ਸ਼ਾਹ। ਉਂਝ ਤਾਂ ਹੁਣ ਤੱਕ 110 ਕਿੱਸੇ ਹੀਰ ਰਾਂਝੇ ਦੀ ਕਹਾਣੀ ਉੱਤੇ ਲਿਖੇ ਗਏ ਹਨ ਪਰ ਵਾਰਿਸ ਦੀ ਹੀਰ ਦਾ ਕੋਈ ਸਾਨੀ ਨਹੀਂ। ਇਸ ਕਿਸੇ ਨੂੰ ਅਧਾਰ ਬਣਾ ਕਿ ਸਮੇਂ ਸਮੇਂ ਤੇ ਅਨੇਕਾਂ ਕਵੀਆਂ ਅਤੇ ਪ੍ਰਕਾਸ਼ਕਾਂ ਨੇ ਇਸ ਵਿੱਚ ਆਪੋ ਆਪਣਾ ਕਲਾਮ ਜੋੜ ਦਿੱਤਾ, 631 ਬੰਦਾਂ ਦੀ ਰਚਨਾ ਨੂੰ ਹਜ਼ਾਰਾਂ ਸਫ਼ਿਆਂ ਤੱਕ ਫੈਲਾ ਦਿੱਤਾ। ਇਸ ਨੂੰ ਆਪੋ ਆਪਣੀ ਖੋਟ ਨਾਲ ਜੋਗੀ ਦੇ ਝੂਠ ਵਾਂਗ ਸੱਚਾ ਬਣਾ ਦਿੱਤਾ। ਕਈ ਸਦੀਆਂ ਵਾਰਿਸ ਦੀ ਰੂਹ ਕੁਰਲਾਂਦੀ ਰਹੀ। ਆਖਿਰ 18 ਸਾਲ ਪਹਿਲੋਂ ਪਾਕਿਸਤਾਨ ਪੰਜਾਬ ਦੇ ਜ਼ਾਹਿਦ ਇਕਬਾਲ ਦੇ ਹੀ ਇਹ ਹਿੱਸੇ ਆਇਆ ਤੇ ਉਸਨੇ ਵਾਰਿਸ ਦੀ ਹੀਰ ਨੂੰ ਸ਼ੁੱਧ ਕਰਨ ਦਾ ਬੀੜਾ ਚੁੱਕਿਆ। ਹੀਰ ਗਾਉਣ ਤੇ ਸੁਣਨ ਵਾਲੇ ਪ੍ਰੇਮੀਆਂ ਲਈ ਇਹ ਬਹੁਤ ਹੀ ਸੁਖਦਾਈ ਸੂਚਨਾ ਹੈ ਕਿ ਠੋਸ ਸਬੂਤਾਂ ਦੇ ਅਧਾਰ ਤੇ 890 ਸਫ਼ੇ ਦੀ ਵੱਡ ਅਕਾਰੀ ਕਿਤਾਬ ਵਿੱਚ ਇਹ ਸਭ ਕੁੱਝ ਦਰਜ ਕਰ ਦਿੱਤਾ ਗਿਆ। ਕਿਸੇ ਵੀ ਅਦਾਰੇ ਦੀ ਮਦਦ ਤੋਂ ਇਹਨਾਂ ਏਡਾ ਵੱਡਾ ਕਾਰਜ ਸਿਰਫ਼ ਤੇ ਸਿਰਫ਼, ਸਿਰੜ ਦੇ ਸਹਾਰੇ ਹੀ ਸਿਰੇ ਚੜ੍ਹਿਆ। ਉਸ ਤੋਂ ਵੱਡੀ ਗੱਲ ਕਿ 10-12 ਲੱਖ ਰੁਪਏ ਲਾ ਕੇ, ਪੰਜਾਬੀ ਸੱਥ ਦਾ ਯੌਰਪੀਨ ਇਕਾਈ ਨੇ ਇਸਦਾ ਸ਼ਾਹਮੁਖੀ ਅੰਕ ਛਾਪ ਦਿੱਤਾ ਅਤੇ ਗੁਰਮੁਖੀ ਅੰਕ ਛੇਤੀ ਹੀ ਪੂਰਾ ਹੋਣ ਦੀ ਉਮੀਦ ਹੈ। ਹੀਰ ਦੀ ਅਸਲੀ ਕਹਾਣੀ ਫੇਰ ਪੰਜਾਬੀਆਂ ਨੂੰ ਮੰਤਰਮੁਗਧ ਕਰੇਗੀ, ਪੰਜਾਬੀ ਦੇ ਲੋਕ ਗਾਇਕ ਤਿਆਰ ਰਹਿਣ-ਰੱਬ ਰਾਖਾ।
ਜਨਮੇਜਾ ਸਿੰਘ ਜੌਹਲ
No comments:
Post a Comment