Monday, April 27, 2009

ਆਰਸੀ ਲਈ ਰਚਨਾਵਾਂ ਭੇਜਣ ਬਾਰੇ ਜ਼ਰੂਰੀ ਸੂਚਨਾ

ਦੋਸਤੋ! ਜੇਕਰ ਤੁਸੀਂ ਆਰਸੀ ਲਈ ਪਹਿਲੀ ਵਾਰ ਰਚਨਾ ਭੇਜ ਰਹੇ ਹੋ ਤਾਂ ਕ੍ਰਿਪਾ ਕਰਕੇ ਫੋਟੋ ਸਹਿਤ ਆਪਣੀ ਸਾਹਿਤਕ ਜਾਣਕਾਰੀ, ਹੇਠ ਲਿਖੇ ਅਨੁਸਾਰ ਹੀ ਭੇਜੋ, ਧੰਨਵਾਦੀ ਹੋਵਾਂਗੀ!

ਸਾਹਿਤਕ ਨਾਮ:
ਜਨਮ ਤੇ ਮੌਜੂਦਾ ਨਿਵਾਸ :
ਪ੍ਰਕਾਸ਼ਿਤ ਪੁਸਤਕਾਂ: ਕਹਾਣੀ, ਨਾਵਲ, ਨਾਟਕ, ਕਵਿਤਾਵਾਂ, ਅਨੁਵਾਦ ਆਦਿ
(ਉਦਾਹਰਣ ਵਜੋਂ ਕਾਵਿ-ਸੰਗ੍ਰਹਿ: ਅੱਗੇ ਕਿਤਾਬਾਂ ਦੇ ਨਾਮ ਗ਼ਜ਼ਲ-ਸੰਗ੍ਰਹਿ: ਅੱਗੇ ਕਿਤਾਬਾਂ ਦੇ ਨਾਮ.....)

ਇਨਾਮ-ਸਨਮਾਨ: ਸੰਖੇਪ ਵਿੱਚ
(ਫੋਟੋ: ਰਚਨਾ 'ਚ embed ਕਰਨ ਦੀ ਬਜਾਇ, ਵੱਖਰੀ ਅਟੈਚਮੈਂਟ 'ਚ ਭੇਜੀ ਜਾਵੇ)
ਕਿਉਂਕਿ ਵਿਸਤਾਰਤ ਸਾਹਿਤਕ ਜਾਣਕਾਰੀ ਨੂੰ ਸੰਖੇਪ ਕਰਦਿਆਂ ਮੇਰਾ ਬਹੁਤ ਜ਼ਿਆਦਾ ਵਕ਼ਤ ਲੱਗਦਾ ਹੈ। ਉਹੀ ਵਕ਼ਤ ਬਚਾ ਕੇ ਸਾਨੂੰ ਚੰਗੇ ਸਾਹਿਤ ਨੂੰ ਪੜ੍ਹਨ ਲਿਖਣ 'ਚ ਅਤੇ ਆਰਸੀ ਨੂੰ ਬੇਹਤਰ ਬਣਾਉਂਣ 'ਚ ਲਗਾਉਂਣਾ ਚਾਹੀਦਾ ਹੈ। ਕਿਤਾਬਾਂ ਦੇ ਨਾਮ ਜਾਂ ਵੱਧ ਤੋਂ ਵੱਧ ਪ੍ਰਕਾਸ਼ਨ ਵਰ੍ਹਾ ਹੀ ਲਿਖਿਆ ਜਾਵੇ, ਪ੍ਰਕਾਸ਼ਨ ਹਾਊਸ ਦਾ ਨਾਮ ਅਤੇ 1, 2, 3 ਨੰਬਰ ਅਤੇ ** ਸਟਾਰ ਵਗੈਰਾ ਨਾ ਹੀ ਲਿਖਿਆ ਜਾਵੇ।
----
ਗ਼ਜ਼ਲਾਂ ਭੇਜਦੇ ਵਕ਼ਤ ਉਹਨਾਂ ਦਾ ਮੀਟਰ, ਬਹਿਰ, ਵਜ਼ਨ, ਵਿਧੀ ਵਿਧਾਨ ਜ਼ਰੂਰ ਪਰਖ ਲਿਆ ਜਾਵੇ, ਕਿਉਂਕਿ ਆਰਸੀ 'ਚ ਸਿਰਫ਼ ਉਹੀ ਗ਼ਜ਼ਲਾਂ ਸ਼ਾਮਲ ਕੀਤੀਆਂ ਜਾਂਦੀਆਂ ਹਨ, ਜੋ ਇਹਨਾਂ ਸ਼ਰਤਾਂ ਤੇ ਪੂਰੀਆਂ ਉੱਤਰਦੀਆਂ ਹਨ। ਜੇਕਰ ਤੁਸੀਂ ਗ਼ਜ਼ਲ ਲਿਖਣੀ ਸਿੱਖ ਹੀ ਰਹੇ ਓ ਤਾਂ ਕਿਰਪਾ ਕਰਕੇ ਕਿਸੇ ਸਥਾਪਿਤ ਗ਼ਜ਼ਲਗੋ ਦੀ ਇਸਲਾਹ ਜ਼ਰੂਰ ਲੈ ਲਿਆ ਕਰੋ। ਕਈ ਗ਼ਜ਼ਲਾਂ ਇਹਨਾਂ ਪੱਖਾਂ ਤੋਂ ਊਣੀਆਂ ਹੁੰਦੀਆਂ ਨੇ, ਉਹਨਾਂ ਨੂੰ ਆਰਸੀ 'ਚ ਸ਼ਾਮਲ ਕਰਨ ਤੋਂ ਅਸਮਰੱਥ ਹਾਂ। ਮੁਆਫ਼ ਕਰਨਾ ਇੱਕ ਅਰਜ਼ ਨਜ਼ਮਾਂ ਬਾਰੇ ਵੀ ਹੈ ਕਿ ਮਹਿਜ਼ ਤੁਕਬੰਦੀ ਵਾਲ਼ੀਆਂ, ਕਿਸੇ ਫ਼ਿਰਕੇ ਜਾਂ ਧਰਮ ਨੂੰ ਛੁਟਿਆਉਂਣ ਵਾਲ਼ੀਆਂ ਰਚਨਾਵਾਂ ਵੀ ਸ਼ਾਮਲ ਨਹੀਂ ਕੀਤੀਆਂ ਜਾਂਦੀਆਂ, ਖ਼ਿਆਲਾਂ ਦੀ ਗਹਿਰਾਈ ਅਤੇ ਵਿਸ਼ੇ ਦੇ ਨਿਭਾਅ 'ਚ ਪੁਖ਼ਤਗੀ ਵੀ ਦੇਖੀ ਜਾਂਦੀ ਹੈ ਤਾਂ ਕਿ ਇਸ ਬਲੌਗ ਦਾ ਸਾਹਿਤਕ ਪੱਧਰ ਬਰਕ਼ਰਾਰ ਰਹਿ ਸਕੇ।
----
ਇੱਕ ਹੋਰ ਅਰਜ਼ ਦੁਹਰਾ ਰਹੀ ਹਾਂ ਕਿ ਇੱਕ ਲਿਖਾਰੀ ਦੀ ਇੱਕ ਰਚਨਾ ਪੋਸਟ ਹੋਣ ਤੋਂ ਬਾਅਦ, ਅਗਲੀ ਰਚਨਾ ਦੇ ਵਿਚ 10-12 ਕੁ ਦਿਨਾਂ ਦਾ ਵਕ਼ਫ਼ਾ ਰੱਖਿਆ ਜਾਂਦਾ ਹੈ ਤਾਂ ਜੋ ਨਵੇਂ ਜੁੜ ਰਹੇ ਲਿਖਾਰੀ ਸਾਹਿਬਾਨ ਨੂੰ ਵੀ ਸਭ ਦੇ ਰੂ-ਬੁ-ਰੂ ਕੀਤਾ ਜਾ ਸਕੇ। ਤੁਸੀਂ ਜਿਹੜੀ ਵੀ ਰਚਨਾ ਭੇਜਦੇ ਓ, ਆਰਸੀ ਦੇ ਖ਼ਜ਼ਾਨੇ 'ਚ ਸਾਂਭ ਲਈ ਜਾਂਦੀ ਹੈ ਅਤੇ ਪਹਿਲੀ ਰਚਨਾ ਦੇ ਲਾਇਬ੍ਰੇਰੀ/ਆਰਕਾਇਵ 'ਚ ਚਲੇ ਜਾਣ ਤੋਂ ਬਾਅਦ ਹੀ ਦੂਸਰੀ ਰਚਨਾ ਲਗਾਈ ਜਾਂਦੀ ਹੈ। ਆਰਸੀ ਨੂੰ ਰੋਜ਼ਾਨਾ ਅਪਡੇਟ ਕਰਦਿਆਂ ਮੁੱਖ ਸਫ਼ੇ ਤੇ ਦੋ ਜਾਂ ਹੱਦ ਤਿੰਨ ਰਚਨਾਵਾਂ ਹੀ ਲਗਾਈਆਂ ਜਾਂਦੀਆਂ ਹਨ, ਤਾਂ ਕਿ ਹਰ ਰਚਨਾ ਹਰ ਪਾਠਕ ਦੀ ਨਜ਼ਰ 'ਚੋਂ ਗੁਜ਼ਰ ਸਕੇ। ਇੱਕ ਹੋਰ ਗੁਜ਼ਾਰਿਸ਼ ਹੈ ਕਿ ਰਚਨਾ ਪੜ੍ਹਨ ਤੋਂ ਬਾਅਦ ਆਪਣੇ ਵਿਚਾਰਾਂ ਤੋਂ ਜਾਣੂੰ ਜ਼ਰੂਰ ਕਰਵਾਇਆ ਕਰੋ...ਸ਼ੁਕਰਗੁਜ਼ਾਰ ਹੋਵਾਂਗੀ।

ਅਦਬ ਸਹਿਤ
ਤਨਦੀਪ ਤਮੰਨਾ

No comments: