Tuesday, March 31, 2009

ਤੁਹਾਡੇ ਸੁੱਖ-ਸੁਨੇਹੜੇ...ਈਮੇਲਾਂ - ਜ਼ਰੂਰੀ ਸੂਚਨਾਵਾਂ - ਜ਼ਰੂਰ ਪੜ੍ਹੋ!

ਦੋਸਤੋ! ਮੈਂ ਇਹ ਗੱਲ ਬਲੌਗ ਤੇ ਪੋਸਟ ਨਹੀਂ ਕਰਨੀ ਚਾਹੁੰਦੀ ਸੀ, ਪਰ ਕੁੱਝ ਕੁ ਈਮੇਲਾਂ 'ਚ ਭਾਰੀ ਗ਼ਿਲੇ-ਸ਼ਿਕਵੇ ਜ਼ਾਹਿਰ ਕੀਤੇ ਗਏ ਹਨ ਕਿ ਮੈਂ ਉਹਨਾਂ ਦੀਆਂ ਈਮੇਲਾਂ ਦਾ ਜਵਾਬ ਨਹੀਂ ਦੇ ਰਹੀ, ਸੋ ਮੈਂ ਲਿਖਣ ਤੇ ਮਜਬੂਰ ਹੋ ਗਈ ਹਾਂ। ਦਰਅਸਲ, ਪਿਛਲੇ ਕੁਝ ਕੁ ਮਹੀਨਿਆਂ ਤੋਂ ਤਬੀਅਤ ਕਾਫ਼ੀ ਨਾਸਾਜ਼ ਚੱਲੀ ਆ ਰਹੀ ਹੈ, ਇਸ ਕਰਕੇ ਤੁਹਾਡੀ ਹਰ ਈਮੇਲ ਦਾ ਜਵਾਬ ਦੇਣਾ ਮੇਰੇ ਲਈ ਔਖਾ ਹੀ ਨਹੀਂ, ਅਸੰਭਵ ਵੀ ਹੈ। ਜੇ ਮੇਰੇ ਵੱਲੋਂ ਤੁਹਾਡੀ ਕਿਸੇ ਈਮੇਲ ਦਾ ਜਵਾਬ ਲੇਟ ਹੋ ਜਾਂਦਾ ਹੈ ਤਾਂ ਸਮਝ ਲੈਣਾ ਕਿ ਮੈਂ ਜਦੋਂ ਵੀ ਵਕ਼ਤ ਲੱਗੇਗਾ, ਜਵਾਬ ਜ਼ਰੂਰ ਲਿਖਾਂਗੀ।
----
ਦੂਜਾ ਸ਼ਿਕਵਾ, ਕਿ ਮੈਂ ਰਚਨਾਵਾਂ ਲੇਟ ਪੋਸਟ ਕਰ ਰਹੀ ਹਾਂ, ਇਸ ਬਾਰੇ ਸਭ ਦੇ ਸੁਝਾਵਾਂ ਤੋਂ ਬਾਅਦ ਏਹੀ ਫੈਸਲਾ ਹੋਇਆ ਸੀ ਕਿ ਹਰ ਰੋਜ਼ ਦੋ ਤੋਂ ਵੱਧ ਰਚਨਾਵਾਂ ਪੋਸਟ ਨਾ ਕੀਤੀਆਂ ਜਾਣ ਕਿਉਂਕਿ ਬਹੁਤੀਆਂ ਰਚਨਾਵਾਂ ਪੋਸਟ ਕਰਨ ਨਾਲ਼ ਕਈ ਵਾਰ ਸਾਰਾ ਕੁਝ ਪੜ੍ਹਨਾ ਅਸੰਭਵ ਹੋ ਜਾਂਦਾ ਹੈ ਅਤੇ ਕਈ ਰਚਨਾਵਾਂ ਬਿਨ੍ਹਾਂ ਨਜ਼ਰ 'ਚੋਂ ਗੁਜ਼ਰਿਆਂ ਹੀ ਲਾਇਬ੍ਰੇਰੀ/ਆਰਕਾਇਵ 'ਚ ਚਲੀਆਂ ਜਾਂਦੀਆਂ ਨੇ। ਸੁਝਾਅ ਵਾਜਿਬ ਸੀ, ਸੋ ਅਮਲ 'ਚ ਲਿਆਂਦਾ ਗਿਆ। ਨਵੇਂ ਲਿਖਾਰੀ ਸਾਹਿਬਾਨਾਂ ਦਾ ਵੀ ਨਾਲ਼ੋ-ਨਾਲ਼ ਤੁਆਰਫ਼ ਕਰਵਾ ਰਹੇ ਹਾਂ। ਬਾਕੀ ਬਲੌਗ ਤੇ ਨਵੇਂ ਫੀਚਰਜ਼ ਵੀ ਵਧਾਏ ਗਏ ਨੇ ਭਵਿੱਖ 'ਚ ਇਸ ਤੇ ਹੋਰ ਵੀ ਕੰਮ ਹੋਣਾ ਹੈ। ਹਰ ਰੋਜ਼ ਆਰਸੀ ਤੇ ਕਾਫ਼ੀ ਘੰਟੇ ਲਗਾ ਕੇ ਇਸਨੂੰ ਬੇਹਤਰ ਬਣਾਉਂਣ ਦੀ ਕੋਸ਼ਿਸ਼ ਹੈ...ਤੁਹਾਡੇ ਸਹਿਯੋਗ ਤੇ ਹੱਲਾ-ਸ਼ੇਰੀ ਜ਼ਰੂਰੀ ਨੇ।
----
ਸਾਹਿਤ ਦਾ ਉੱਚਾ ਪੱਧਰ ਬਣਾਈ ਰੱਖਣ ਲਈ, ਹਰ ਆਈ ਰਚਨਾ ਨੂੰ ਪੜ੍ਹਨਾ ਤੇ ਵਿਚਾਰਨਾ ਜ਼ਰੂਰੀ ਹੁੰਦਾ ਹੈ..ਫੇਰ ਹੀ ਉਸਨੂੰ ਬਲੌਗ 'ਚ ਸ਼ਾਮਲ ਕੀਤਾ ਜਾਂਦਾ ਹੈ। ਸਿਰਫ਼ ਆਪਣੀ ਰਚਨਾ ਬਲੌਗ ਤੇ ਲੱਗਣ ਤੱਕ ਹੀ ਮਹਿਦੂਦ ਨਾ ਰਹੀਏ, ਜੋ ਨਵੀਆਂ ਰਚਨਾਵਾਂ ਹੋਰਨਾਂ ਲਿਖਾਰੀ ਸਾਹਿਬਾਨਾਂ ਦੀਆਂ ਲੱਗ ਰਹੀਆਂ ਨੇ, ਉਹਨਾਂ ਨੂੰ ਸਤਿਕਾਰ ਸਹਿਤ ਪੜ੍ਹਿਆ ਕਰੀਏ ਤੇ ਉਹਨਾਂ ਦੀ ਹੌਸਲਾ-ਅਫ਼ਜ਼ਾਈ ਵੀ ਕਰੀਏ, ਇਹ ਭਾਵਨਾ ਪੈਦਾ ਕਰਨੀ ਪਵੇਗੀ। ਇਹ ਕਦੇ ਵੀ ਨਾ ਸੋਚਣਾ ਕਿ ਕਿਸੇ ਰਚਨਾ ਜਾਂ ਈਮੇਲ ਨੂੰ ਜਾਣ-ਬੁੱਝ ਕੇ ਅਣਗੌਲ਼ਿਆਂ ਕੀਤਾ ਜਾ ਰਿਹਾ ਹੈ। ਆਰਸੀ ਲਈ ਆਈ ਹਰ ਈਮੇਲ ਤੇ ਰਚਨਾ ਪੜ੍ਹੀ ਜਾਂਦੀ ਹੈ।
----
ਕੱਲ੍ਹ ਅਪਰੈਲ 1, 2009 ਨੂੰ ਵਿਸ਼ਵ ਭਰ 'ਚ ਸੌਫਟਵੇਅਰ ਗਿਆਨੀਆਂ ਵੱਲੋਂ ਕੰਪਿਊਟਰਾਂ ਤੇ ਕਿਸੇ ਖ਼ਤਰਨਾਕ 'ਵਾਇਰਸ' ਦੇ ਹਮਲਾ ਕਰਨ ਦਾ ਡਰ ਦਰਸਾਇਆ ਗਿਆ ਹੈ, ਜਿਸ ਨਾਲ਼ ਤੁਹਾਡੀ ਪਰਸਨਲ ਜਾਣਕਾਰੀ, ਲੌਗ-ਇਨ ਵਗੈਰਾ ਚੋਰੀ ਹੋਣ ਦਾ ਬਹੁਤ ਖ਼ਤਰਾ ਹੋ ਸਕਦਾ ਹੈ। ਜੇ ਤੁਹਾਡੇ ਪੀ.ਸੀ.ਤੇ ਐਂਟੀ-ਵਾਇਰਸ ਨਹੀਂ ਹੈ ਤਾਂ ਜਾਂ ਤਾਂ ਕੱਲ੍ਹ ਨੂੰ ਕੰਪਿਊਟਰ ਬੰਦ ਰੱਖੋ ਜਾਂ ਐਂਟੀ-ਵਾਇਰਸ ਹੁਣੇ ਡਾਊਨਲੋਡ ਕਰ ਲਓ। ਇਹਤਿਆਤ ਰੱਖਣੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਤੁਹਾਡੇ ਕੰਪਿਊਟਰ ਹੈਕ ਕਰ ਲਏ ਜਾਣਗੇ. . ਖ਼ਾਸ ਤੌਰ ਤੇ ਕੋਈ ਔਨ-ਲਾਈਨ ਟਰਾਂਜ਼ੈਕਸ਼ਨ ਬੈਂਕ ਕਾਰਡ ਜਾਂ ਕਰੈਡਿਟ ਕਾਰਡ ਨਾਲ਼ ਕਰਨ ਤੋਂ ਗੁਰੇਜ਼ ਕਰੋ ਤੇ ਕੋਈ ਵੀ ਡਾਕੂਮੈਂਟ ਜਾਂ ਜਾਣਕਾਰੀ ਆਪਣੇ ਪੀ.ਸੀ. 'ਚ ਸੇਵ ਨਾ ਕਰੋ। ਜੇ ਕੱਲ੍ਹ ਨੂੰ ਅਜਿਹਾ ਖ਼ਤਰਾ ਬਰਕ਼ਰਾਰ ਰਿਹਾ ਤਾਂ ਆਰਸੀ ਨੂੰ ਅਪਡੇਟ ਨਹੀਂ ਕੀਤਾ ਜਾਵੇਗਾ।
----
ਇੱਕ ਵਾਰ ਫੇਰ ਦੁਹਰਾਉਂਣਾ ਚਾਹੁੰਦੀ ਹਾਂ ਕਿ ਤੁਸੀਂ ਕਿਰਪਾ ਕਰਕੇ ਓਸੇ ਸ਼ਿੱਦਤ ਤੇ ਮੁਹੱਬਤ ਨਾਲ਼ ਈਮੇਲਾਂ ਅਤੇ ਰਚਨਾਵਾਂ ਘੱਲਦੇ ਰਹਿਣਾ। ਤੁਹਾਡੇ ਸਹਿਯੋਗ ਨਾਲ਼ ਹੀ 'ਆਰਸੀ' ਦੀ ਖ਼ੂਬਸੂਰਤੀ ਨਿੱਖਰ ਰਹੀ ਹੈ, ਸੋਚਾਂ ਦੇ ਪਰਿੰਦਿਆਂ ਨੂੰ ਨਵੇਂ ਆਕਾਸ਼ ਮਿਲ਼ ਰਹੇ ਨੇ ! ਆਪਾਂ ਰਲ਼ ਕੇ ਨਵੇਂ ਆਯਾਮ ਕਾਇਮ ਕਰਨੇ ਨੇ...ਤੁਹਾਡਾ ਸਹਿਯੋਗ ਬਹੁਤ ਜ਼ਰੂਰੀ ਹੈ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ 'ਤਮੰਨਾ'

1 comment:

ਬਲਜੀਤ ਪਾਲ ਸਿੰਘ said...

Tamanna ji,your goodself are very right to explain that to maintain the standard of Aarsi,it is necessary to check every article before posting.We feel worried over your ill health.God may bless you with good health and high spirts to serve Punjabi.